ਜਲੰਧਰ ਦੇ ਅਮਨ ਨਗਰ 'ਚ ਇਕ ਫੈਕਟਰੀ 'ਚ ਨਕਲੀ ਤੇਲ ਨੂੰ ਫਾਰਚਿਊਨ ਆਇਲ ਦਾ ਲੇਬਲ ਲਗਾ ਕੇ ਵੇਚਿਆ ਜਾ ਰਿਹਾ ਸੀ। ਕੰਪਨੀ ਦੇ ਅਧਿਕਾਰੀਆਂ ਨੇ ਪੁਲਸ ਨਾਲ ਮਿਲ ਕੇ ਫੈਕਟਰੀ ’ਤੇ ਛਾਪਾ ਮਾਰਿਆ। ਪੁਲਸ ਨੇ ਮੌਕੇ ਤੋਂ ਫਾਰਚਿਊਨ ਕੰਪਨੀ ਵਰਗੇ ਦਿਖਾਈ ਦੇਣ ਵਾਲੇ ਸਟਿੱਕਰ ਅਤੇ ਟੀਨ ਬਰਾਮਦ ਕੀਤੇ ਹਨ। ਕੰਪਨੀ ਦੇ ਮਾਲਕ ਅਨਿਲ ਕੁਮਾਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਹਰੀ ਸਨ ਐਗਰੋ ਫੈਕਟਰੀ 'ਤੇ ਛਾਪਾ
ਬਰਾਮਦ ਕੀਤੇ ਗਏ 40 ਟੀਨਾਂ 'ਚੋਂ ਨਕਲੀ ਰਿਫਾਇੰਡ ਵੀ ਮਿਲਿਆ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ। ਕੰਪਨੀ ਨੂੰ ਸੂਚਨਾ ਮਿਲੀ ਸੀ ਕਿ ਅਮਨ ਨਗਰ ਸਥਿਤ ਹਰੀ ਸਨ ਐਗਰੋ ਨਾਂ ਦੀ ਫੈਕਟਰੀ ਉਨ੍ਹਾਂ ਦੇ ਬ੍ਰਾਂਡ ਫਾਰਚਿਊਨ ਦੇ ਨਾਂ 'ਤੇ ਨਕਲੀ ਤੇਲ ਵੇਚ ਰਹੀ ਹੈ। ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਕੀਤੀ ਤਾਂ ਉਨ੍ਹਾਂ ਏ.ਡੀ.ਸੀ.ਪੀ ਸਿਟੀ-1 ਨੂੰ ਆਦੇਸ਼ ਦਿੱਤੇ।
ਇਸ ਦੇ ਨਾਲ ਹੀ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ ਵਿੱਚ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਨਕਲੀ ਤੇਲ ਸਪਲਾਈ ਕੀਤਾ ਜਾ ਰਿਹਾ ਸੀ, ਜਾਂਚ ਕੀਤੀ ਜਾ ਰਹੀ ਹੈ।
ਨਕਲੀ ਤੇਲ ਦੇ ਹਜ਼ਾਰਾਂ ਲੀਟਰ ਟੀਨ ਬਰਾਮਦ
ਇਸ ਤੋਂ ਇਲਾਵਾ ਜਦੋਂ ਫੈਕਟਰੀ ਦੀ ਤਲਾਸ਼ੀ ਲਈ ਗਈ ਤਾਂ ਉਥੋਂ ਲੱਖਾਂ ਸਟਿੱਕਰ ਅਤੇ ਹਜ਼ਾਰਾਂ ਲੀਟਰ ਤੇਲ ਦੇ ਟੀਨ ਬਰਾਮਦ ਹੋਏ। ਥਾਣਾ-8 ਦੇ ਇੰਚਾਰਜ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੰਪਨੀ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਛਾਪੇਮਾਰੀ ਕੀਤੀ ਹੈ। ਮੌਕੇ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਛਾਪੇਮਾਰੀ ਦੌਰਾਨ ਫੈਕਟਰੀ ਦੇ ਅੰਦਰੋਂ ਰਿਫਾਇੰਡ ਤਿਆਰ ਕਰਨ ਵਾਲੀ ਮਸ਼ੀਨਰੀ ਮਿਲੀ ਜਦੋਂਕਿ ਪੁਲਸ ਨੇ ਫਾਰਚਿਊਨ ਕੰਪਨੀ ਦੇ 40 ਟੀਨ ਰਿਫਾਇੰਡ ਬਰਾਮਦ ਕੀਤੇ।
ਨਕਲੀ ਰਿਫਾਇੰਡ ਲਈ ਭਰੇ ਨਮੂਨੇ
ਫਾਰਚਿਊਨ ਕੰਪਨੀ ਦੀ ਮਾਹਰ ਟੀਮ ਨੇ ਬਰਾਮਦ ਨਕਲੀ ਰਿਫਾਇੰਡ ਦੇ ਸੈਂਪਲ ਵੀ ਲਏ ਹਨ ਜਦਕਿ ਥਾਣਾ-8 ਦੀ ਪੁਲਸ ਨੇ ਸਾਰਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਫਾਰਚਿਊਨ ਕੰਪਨੀ ਦੇ ਅਧਿਕਾਰੀਆਂ ਨੇ ਹਰੀ ਸੰਨਜ਼ ਐਗਰੋ ਆਇਲ ਐਂਡ ਕੈਮੀਕਲ ਦੇ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਐੱਫ.ਆਈ.ਆਰ. ਦਰਜ ਹੋਵੇਗੀ।