ਪਠਾਨਕੋਟ ਦੇ ਪਿੰਡ ਫਾਗਤੌਲੀ ਵਿੱਚ ਇੱਕ ਵਾਰ ਫਿਰ ਸ਼ੱਕੀ ਲੋਕਾਂ ਦੀ ਹਲਚਲ ਦੇਖੀ ਗਈ ਹੈ। ਪਿੰਡ ਵਾਸੀ ਬਲਰਾਮ ਸਿੰਘ ਅਨੁਸਾਰ ਰਾਤ ਕਰੀਬ 2.30 ਵਜੇ ਤਿੰਨ ਸ਼ੱਕੀ ਵਿਅਕਤੀ ਕੰਧ ਟੱਪ ਕੇ ਉਨਾਂ ਦੇ ਘਰ ਆਏ ਅਤੇ ਰੋਟੀ ਮੰਗਣ ਲੱਗੇ ਪਰ ਉਸ ਨੇ ਨਾ ਤਾਂ ਦਰਵਾਜ਼ਾ ਖੋਲ੍ਹਿਆ ਅਤੇ ਨਾ ਹੀ ਉਨ੍ਹਾਂ ਦੀ ਆਵਾਜ਼ ਸੁਣੀ।
ਰਾਤ ਨੂੰ ਘਰਾਂ 'ਚ ਦਾਖਲ ਹੋ ਕੇ ਮੰਗੀ ਰੋਟੀ
ਬਲਰਾਮ ਸਿੰਘ ਨੇ ਦੱਸਿਆ ਕਿ ਤਿੰਨਾਂ ਸ਼ੱਕੀਆਂ ਕੋਲ ਵੱਡੇ-ਵੱਡੇ ਬੈਗ ਸਨ ਅਤੇ ਉਨ੍ਹਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਰੌਲਾ ਪਾਇਆ, ਉੱਠੋ, ਅਸੀਂ ਭੁੱਖੇ ਹਾਂ, ਸਾਨੂੰ ਰੋਟੀ ਦੇ ਦਿਓ। ਉਨਾਂ ਨੇ ਤਿੰਨ-ਚਾਰ ਵਾਰ ਬੋਲਿਆ ਪਰ ਉਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਬਲਰਾਮ ਦੀ ਪਤਨੀ ਨੇ ਪੁਲਿਸ ਨੂੰ ਬੁਲਾਉਣ ਲਈ ਕਿਹਾ। ਪੁਲਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨੈੱਟਵਰਕ ਨਾ ਹੋਣ ਕਾਰਨ ਕਾਲ ਨਹੀਂ ਲੱਗੀ । ਉਹ ਚੁੱਪਚਾਪ ਪਰਦੇ ਪਿੱਛੇ ਉਨਾਂ ਗਤੀਵਿਧੀਆਂ ਨੂੰ ਦੇਖਦੇ ਰਹੇ। ਇਸ ਦੌਰਾਨ ਹੈਲੀਕਾਪਟਰ ਦੇ ਉਪਰੋਂ ਲੰਘਣ ਦੀ ਆਵਾਜ਼ ਸੁਣ ਕੇ ਸ਼ੱਕੀ ਵਿਅਕਤੀ ਕਦੇ ਪੌੜੀਆਂ ਤੋਂ ਹੇਠਾਂ ਆ ਜਾਂਦੇ ਸਨ ਅਤੇ ਕਦੇ ਉੱਪਰ ਚਲੇ ਜਾਂਦੇ ਸਨ।
ਤਲਾਸ਼ੀ ਮੁਹਿੰਮ ਜਾਰੀ
ਪਰਿਵਾਰਕ ਮੈਂਬਰਾਂ ਅਨੁਸਾਰ ਉਹ ਕਰੀਬ 2 ਘੰਟੇ ਤੱਕ ਘਰ ਵਿੱਚ ਘੁੰਮਦੇ ਰਹੇ। ਇਸ ਤੋਂ ਬਾਅਦ ਉਹ ਉਥੋਂ ਚਲੇ ਗਏ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੁੱਛਗਿੱਛ ਕੀਤੀ ਅਤੇ ਪੈਰਾਂ ਦੇ ਨਿਸ਼ਾਨਾਂ ਆਦਿ ਦੀਆਂ ਫੋਟੋਆਂ ਅਤੇ ਵੀਡੀਓ ਵੀ ਲਈਆਂ। ਉਦੋਂ ਤੋਂ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਪੁਲਿਸ ਅਤੇ ਫੌਜ ਵਲੋਂ ਚਲਾਏ ਜਾ ਰਹੇ ਸਾਂਝੇ ਤਲਾਸ਼ੀ ਅਭਿਆਨ 'ਚ ਅਜੇ ਤੱਕ ਕੁਝ ਨਹੀਂ ਮਿਲਿਆ ਹੈ।