ਜਲੰਧਰ ਦੇ ਮਾਡਲ ਟਾਊਨ ਦਾ ਸੇਵਾ ਕੇਂਦਰ 14 ਜੁਲਾਈ ਤੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ। ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਾ ਰਹੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਮ ਲੋਕਾਂ ਨੂੰ ਇਸਦਾ ਲਾਭ ਮਿਲੇਗਾ, ਖਾਸ ਕਰਕੇ ਨੌਕਰੀ ਜਾਂ ਹੋਰ ਕੰਮ ਕਰਨ ਵਾਲੇ ਲੋਕ, ਜੋ ਪਹਿਲਾਂ ਸ਼ਾਮ 5 ਵਜੇ ਤੋਂ ਬਾਅਦ ਸੇਵਾ ਕੇਂਦਰ ਦੀ ਸਹੂਲਤ ਨਹੀਂ ਲੈ ਸਕਦੇ ਸਨ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਧੂ ਸਮੇਂ ਦਾ ਪੂਰਾ ਲਾਭ ਉਠਾਉਣ ਅਤੇ ਕਿਸੇ ਵੀ ਜਾਣਕਾਰੀ ਲਈ ਸਿੱਧੇ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੇਵਾ ਕੇਂਦਰਾਂ ਰਾਹੀਂ ਆਧਾਰ ਕਾਰਡ, ਜਨਮ ਅਤੇ ਮੌਤ ਸਰਟੀਫਿਕੇਟ, ਜਾਤੀ, ਆਮਦਨ, ਰਿਹਾਇਸ਼ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਪੈਨਸ਼ਨ ਆਦਿ ਸਮੇਤ 400 ਤੋਂ ਵੱਧ ਸਹੂਲਤਾਂ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰ ਰਹੀ ਹੈ।