ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਦੌਰ ਚੱਲ ਰਿਹਾ ਹੈ। ਨਾਮਜ਼ਦਗੀਆਂ 14 ਮਈ ਤੱਕ ਹੀ ਭਰੀਆਂ ਜਾਣੀਆਂ ਹਨ। 7 ਮਈ ਤੋਂ ਸ਼ੁਰੂ ਹੋਈਆਂ ਨਾਮਜ਼ਦਗੀਆਂ ਦੌਰਾਨ ਹੁਣ ਤੱਕ 143 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਰੀ ਨਾਮਜ਼ਦਗੀ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ।
SAD ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਨੇ ਨਾਮਜ਼ਦਗੀ ਪੱਤਰ ਭਰਿਆ
ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋ ਨੇ ਵੀ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਤੋਂ ਪਹਿਲਾਂ ਉਹ ਪੈਦਲ ਮਾਰਚ ਕਰਦੇ ਮਿੰਨੀ ਸਕੱਤਰੇਤ ਪਹੁੰਚੇ ਸਨ। ਇਸ ਸਮੇਂ ਉਨ੍ਹਾਂ ਨਾਲ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ। ਉਨ੍ਹਾਂ ਨਾਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਐਸ ਆਰ ਕਲੇਰ ਸਾਬਕਾ ਮੇਅਰ, ਹਰਚਰਨ ਸਿੰਘ ਗੋਹਲਵੜੀਆ ਅਤੇ ਹੋਰ ਆਗੂ ਤੇ ਢਿੱਲੋਂ ਦੀ ਪਤਨੀ ਨਿੰਦਰ ਕੌਰ ਢਿੱਲੋਂ ਵੀ ਮੌਜੂਦ ਸਨ।
ਪ੍ਰਨੀਤ ਕੌਰ ਨੇ ਪਟਿਆਲਾ ਤੋਂ ਨਾਮਜ਼ਦਗੀ ਪੱਤਰ ਭਰੇ
ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਤੇ ਪੁੱਤ ਰਣਿੰਦਰ ਵੀ ਮੌਜੂਦ ਸਨ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪਟਿਆਲਾ ਦੇ ਇਤਿਹਾਸਕ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਮੱਥਾ ਟੇਕਿਆ।
ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਤੋਂ ਭਰੀ ਨਾਮਜ਼ਦਗੀ
ਫਿਰੋਜ਼ਪੁਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣਾ ਨਾਮਜ਼ਦਗੀ ਪੱਤਰ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਕੋਲ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਆਗੂ ਪਰਮਿੰਦਰ ਸਿੰਘ ਪਿੰਕੀ, ਆਸ਼ੂ ਬਾਂਗੜ, ਹੰਸ ਰਾਜ ਜੋਸਨ ਤੇ ਉਨ੍ਹਾਂ ਦੇ ਵਕੀਲ ਰਾਜੀਵ ਪਸਰੀਚਾ ਵੀ ਹਾਜ਼ਰ ਸਨ।
ਰਾਜਾ ਵੜਿੰਗ ਦੀ ਨਾਮਜ਼ਦਗੀ ਮੌਕੇ ਮੌਜੂਦ ਰਹੇ ਸਿੱਧੂ ਮੂਸੇਵਾਲਾ ਦੇ ਪਿਤਾ
ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਰਹੂਮ ਸਿੱਧੂ ਮੂਸੇਵਲਾ ਦੇ ਪਿਤਾ ਬਲਕੌਰ ਸਿੰਘ ਨੂੰ ਨਾਲ ਲੈ ਕੇ ਅੱਜ ਆਪਣੀ ਨਾਮਜ਼ਦਗੀ ਭਰੀ। ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਪਤਨੀ ਅੰਮ੍ਰਿਤਾ ਵੜਿੰਗ, ਦੋਵੇਂ ਬੇਟੀਆਂ, ਬੇਟਾ, ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੈ ਤਲਵਾੜ, ਅਤੇ ਹੋਰ ਆਗੂ ਵੀ ਮੌਜੂਦ ਸਨ।
ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਨਾਮਜ਼ਦਗੀ ਪੱਤਰ ਭਰਿਆ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੀਤ ਹੇਅਰ ਨੇ ਆਪਣੇ ਪਰਿਵਾਰ ਸਮੇਤ ਧਾਰਮਿਕ ਅਸਥਾਨਾਂ ‘ਤੇ ਮੱਥਾ ਟੇਕਿਆ। ਇਸ ਤੋਂ ਬਾਅਦ ‘ਆਪ’ ਉਮੀਦਵਾਰ ਮੀਤ ਹੇਅਰ ਨੇ ਆਪਣੇ ਮਾਤਾ, ਪਿਤਾ, ਪਤਨੀ ਨਾਲ ਡੀਸੀ ਸੰਗਰੂਰ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਪਵਨ ਕੁਮਾਰ ਟੀਨੂੰ ਨੇ ਜਲੰਧਰ ਤੋਂ ਨਾਮਜ਼ਦਗੀ ਪੱਤਰ ਭਰਿਆ
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਪਵਨ ਟੀਨੂੰ ਨੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਨਿਕਾਯ ਮੰਤਰੀ ਬਲਕਾਰ ਸਿੰਘ, ਵਿਧਾਇਕ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਰਮਨ ਅਰੋੜਾ ਅਤੇ ਨੌਜਵਾਨ ਆਗੂ ਰੌਬਿਨ ਸਾਂਪਲਾ ਸਮੇਤ ਸੈਂਕੜੇ 'ਆਪ' ਵਰਕਰ ਹਾਜ਼ਰ ਸਨ।
ਹੋਰ ਉਮੀਦਵਾਰ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰਿਆ
ਰਿਟਰਨਿੰਗ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਕੋਲ਼ੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤਾ।
ਸਹਾਇਕ ਰਿਟਰਨਿੰਗ ਅਫ਼ਸਰ ਬਲਬੀਰ ਰਾਜ ਆਜ਼ਾਦ ਉਮੀਦਵਾਰ ਅਸ਼ੋਕ ਕੁਮਾਰ ਕੋਲ਼ੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤਾ |
ਸਹਾਇਕ ਰਿਟਰਨਿੰਗ ਅਫ਼ਸਰ ਬਲਬੀਰ ਰਾਜ ਸੀ ਪੀ ਆਈ (ਐਮ) ਦੇ ਉਮੀਦਵਾਰ ਪ੍ਰਸ਼ੋਤਮ ਲਾਲ ਕੋਲ਼ੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤਾ |
ਸਹਾਇਕ ਰਿਟਰਨਿੰਗ ਅਫ਼ਸਰ ਬਲਬੀਰ ਰਾਜ ਪੀਪਲਜ ਪਾਰਟੀ ਆਫ ਇੰਡੀਆ ( ਡੈਮੋਕਰੇਟਿਕ ) ਦੇ ਉਮੀਦਵਾਰ ਰਾਜ ਕੁਮਾਰ ਕੋਲ਼ੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤਾ |
ਸਹਾਇਕ ਰਿਟਰਨਿੰਗ ਅਫ਼ਸਰ ਬਲਬੀਰ ਰਾਜ ਸ਼ਿਵ ਸੈਨਾ ਦੀ ਉਮੀਦਵਾਰ ਪਰਮਜੀਤ ਕੌਰ ਤੇਜ਼ੀ ਕੋਲ਼ੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤਾ |
10 ਮਈ ਨੂੰ 4 ਵੱਡੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਸਨ ਦਾਖਲ
ਦੱਸ ਦੇਈਏ ਕਿ 10 ਮਈ ਨੂੰ 4 ਵੱਡੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇ.ਪੀ., ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਅਤੇ ਬਸਪਾ ਦੇ ਬਲਵਿੰਦਰ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
ਨਾਮਜ਼ਦਗੀ ਵਾਪਸ ਲੈਣ ਦੀ ਮਿਤੀ ਹੈ 17 ਮਈ
ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋ ਗਈ ਸੀ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 14 ਮਈ ਹੈ। ਨਾਮਜ਼ਦਗੀਆਂ ਦੀ ਪੜਤਾਲ 15 ਮਈ ਦਿਨ ਬੁੱਧਵਾਰ ਨੂੰ ਹੋਵੇਗੀ। ਰੀਜੈਕਟ ਹੋਣ ਤੋਂ ਬਾਅਦ ਬਾਕੀ ਰਹਿੰਦੇ ਉਮੀਦਵਾਰ ਸ਼ੁੱਕਰਵਾਰ 17 ਮਈ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ।
ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ
ਦੱਸ ਦੇਈਏ ਕਿ ਪੰਜਾਬ 'ਚ ਆਖਰੀ ਪੜਾਅ ਯਾਨੀ ਕਿ 1 ਜੂਨ ਨੂੰ ਵੋਟਿੰਗ ਹੋਣੀ ਹੈ। 17 ਮਈ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਦੋ ਹਫ਼ਤੇ ਬਾਅਦ 1 ਜੂਨ ਨੂੰ ਵੋਟਿੰਗ ਹੋਵੇਗੀ। ਤਿੰਨ ਦਿਨ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ। ਚੋਣ ਕਮਿਸ਼ਨ ਨੇ ਚੋਣਾਂ ਸਬੰਧੀ ਅਬਜ਼ਰਵਰ ਵੀ ਤਾਇਨਾਤ ਕਰ ਦਿੱਤੇ ਹਨ।