ਕਪੂਰਥਲਾ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨਾਬਾਲਗਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਰੋਡ ’ਤੇ ਨਵਾਂ ਪਿੰਡ ਭੱਠੇ ਨੇੜੇ ਇਹ ਹਾਦਸਾ ਵਾਪਰਿਆ, ਜਿਥੇ ਟਰੱਕ ਤੇ ਮੋਟਰਸਾਈਕਲ ਦੀ ਆਹਮੋ ਸਾਹਮਣੀ ਟੱਕਰ ਹੋ ਗਈ।
2 ਨਾਬਾਲਗਾਂ ਦੀ ਹਾਦਸੇ ਵਿਚ ਮੌਤ
ਇਸ ਹਾਦਸੇ ਵਿਚ 2 ਲੜਕਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਮਹਿਜ਼ 14 ਸਾਲ ਤੇ 16 ਸਾਲ ਸੀ। ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਏ.ਐਸ.ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਟੱਕਰ ਵਿਚ 14 ਸਾਲਾਂ ਨਿਤੀਸ਼ ਕੁਮਾਰ ਪੁੱਤਰ ਅਮਰਜੀਤ ਅਤੇ 16 ਸਾਲਾ ਰੂਪੇਸ਼ ਕੁਮਾਰ ਪੁੱਤਰ ਸੀਤਾਰਾਮ ਵਾਸੀਆਨ ਭਵਾਨੀਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਮਾਮਲੇ ਦੀ ਕਰ ਰਹੀ ਜਾਂਚ
ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੇ ਨਵਾਂ ਪਿੰਡ ਭੱਠੇ ਤੋਂ ਭਵਾਨੀਪੁਰ ਵੱਲ ਨੂੰ ਜਾ ਰਹੇ ਸਨ ਤਾਂ ਗੋਇੰਦਵਾਲ ਸਾਹਿਬ ਰੋਡ ’ਤੇ ਨਵਾਂ ਪਿੰਡ ਭੱਠੇ ਨੇੜੇ ਸਾਹਮਣੇ ਤੋਂ ਆਉਂਦੇ ਟਰੱਕ ਨਾਲ ਇਨ੍ਹਾਂ ਦੀ ਟੱਕਰ ਹੋ ਗਈ। ਟਰੱਕ ਡਰਾਈਵਰ ਮੌਕੇ ’ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।