ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕਿਉਂਕਿ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਂਡ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਰ ਪਾਰਟੀ ਨੇ ਉਨ੍ਹਾਂ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਬੀਤੇ ਦਿਨੀਂ ਜਲੰਧਰ ਦੌਰੇ 'ਤੇ ਸਨ ਰਵਨੀਤ ਬਿੱਟੂ
ਕੱਲ੍ਹ ਰਵਨੀਤ ਬਿੱਟੂ ਜਲੰਧਰ ਦੇ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕਰਮਜੀਤ ਕੌਰ, ਮਨੋਰੰਜਨ ਕਾਲੀਆ ਤੇ ਜਲੰਧਰ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਮੌਜੂਦ ਸੀ। ਜਦਕਿ ਸੁਨੀਲ ਜਾਖੜ ਨੇ ਮੀਟਿੰਗਾਂ ਤੇ ਵਰਕਰਾਂ ਨਾਲ ਮਿਲਣਾ ਘੱਟ ਕਰ ਦਿੱਤਾ।
ਜਾਖੜ ਤੋਂ ਨਾਰਾਜ਼ ਸਨ ਭਾਜਪਾ ਆਗੂ
ਦਰਅਸਲ ਸੁਨੀਲ ਜਾਖੜ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਕਈ ਭਾਜਪਾ ਆਗੂ ਉਨ੍ਹਾਂ ਤੋਂ ਨਾਰਾਜ਼ ਹੋ ਗਏ ਸਨ। ਉਨ੍ਹਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖ ਕੇ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਸੀ।
ਪ੍ਰਧਾਨ ਦੇ ਅਹੁਦੇ ਬਾਰੇ ਪਾਰਟੀ ਹੀ ਕਰੇਗੀ ਫੈਸਲਾ
ਰਵਨੀਤ ਬਿੱਟੂ ਦੇ ਪ੍ਰਧਾਨ ਬਣਨ ਦੀਆਂ ਚਰਚਾਵਾਂ 'ਤੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਨਵੇਂ ਪ੍ਰਧਾਨ ਬਾਰੇ ਫੈਸਲਾ ਪਾਰਟੀ ਕਰੇਗੀ, ਪਰ ਜਦੋਂ ਤੱਕ ਉਹ ਪ੍ਰਧਾਨ ਬਣੇ ਰਹਿਣਗੇ ਜਾਖੜ ਨਾਲ ਕੰਮ ਕਰਨਗੇ। ਹਰਜੀਤ ਗਰੇਵਾਲ ਨੇ ਦਾਅਵਾ ਕੀਤਾ ਕਿ ਜਾਖੜ ਭਾਜਪਾ ਨਾਲ ਹੀ ਜੁੜੇ ਰਹਿਣਗੇ।