ਜਲੰਧਰ ਵਿੱਚ ਵਿਜੀਲੈਂਸ ਨੇ ਪੀਐਸਪੀਸੀਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਜੇਈ ਮਨਜੀਤ ਸਿੰਘ ਅਤੇ ਲਾਈਨਮੈਨ ਹਰਜੀਤ ਸਿੰਘ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਇਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦਫ਼ਤਰ ਭੋਗਪੁਰ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਸਨ। ਦੋਵੇਂ ਮੁਲਜ਼ਮ ਘਰ ਵਿੱਚ ਲੱਗੇ ਪੁਰਾਣੇ ਮੀਟਰ ਨੂੰ ਹਟਾਉਣ ਅਤੇ ਨਵਾਂ ਮੀਟਰ ਲਗਾਉਣ ਦੇ ਬਦਲੇ ਸੁਮਿਤ ਵਧਵਾ ਨਾਂ ਦੇ ਵਿਅਕਤੀ ਤੋਂ 10,000 ਰੁਪਏ ਦੀ ਰਿਸ਼ਵਤ ਮੰਗ ਰਹੇ ਸਨ।
ਨਵਾਂ ਮੀਟਰ ਲਗਾਉਣ ਲਈ ਮੰਗ ਰਹੇ ਸੀ ਰਿਸ਼ਵਤ
ਸੁਮਿਤ ਵਧਵਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਨਵਾਂ ਮੀਟਰ ਲਗਾਉਣ ਲਈ ਉਸ ਤੋਂ 10,000 ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਵਿੱਚੋਂ ਉਸ ਨੇ 5 ਹਜ਼ਾਰ ਰੁਪਏ ਆਨਲਾਈਨ ਟ੍ਰਾਂਸਫਰ ਕੀਤੇ ਹਨ ਪਰ ਦੋਸ਼ੀ ਬਾਕੀ 5 ਹਜ਼ਾਰ ਰੁਪਏ ਹੋਰ ਮੰਗ ਰਹੇ ਸਨ। ਇਸ ਤੋਂ ਬਾਅਦ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ।
ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ
ਇਸ ਮਾਮਲੇ ਵਿੱਚ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਜਾਲ ਵਿਛਾਇਆ, ਜਿਸ ਵਿੱਚ ਲਾਈਨਮੈਨ ਅਤੇ ਜੇਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।