ਪੈਰਿਸ ਓਲੰਪਿਕ ਵਿੱਚ ਫਾਈਨਲ ਕੁਸ਼ਤੀ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਆਪਣੇ ਦੇਸ਼ ਪਰਤ ਆਈ ਹੈ। ਉਹ ਕਰੀਬ 11 ਵਜੇ ਦਿੱਲੀ ਏਅਰਪੋਰਟ ਤੋਂ ਬਾਹਰ ਆਈ। ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਕਈ ਹੋਰ ਪਹਿਲਵਾਨ ਵੀ ਉੱਥੇ ਮੌਜੂਦ ਸਨ। ਇਸ ਤੋਂ ਇਲਾਵਾ ਵਿਨੇਸ਼ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ|
ਦਿੱਲੀ ਏਅਰਪੋਰਟ 'ਤੇ ਵਿਨੇਸ਼ ਫੋਗਾਟ ਦਾ ਸਵਾਗਤ
ਵਿਨੇਸ਼ ਦਾ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਉੱਥੇ ਪਹੁੰਚੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਦੋਂ ਵਿਨੇਸ਼ ਨੂੰ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਤਾਂ ਭਾਰਤੀ ਓਲੰਪਿਕ ਸੰਘ (IOA) ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਮਾਮਲੇ ਨੂੰ ਲੈ ਕੇ ਵਿਨੇਸ਼ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੂੰ ਸਾਂਝਾ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਵੀ ਕੀਤੀ ਸੀ ਪਰ ਸੀਏਐਸ ਨੇ 14 ਅਗਸਤ ਦੀ ਸ਼ਾਮ ਨੂੰ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।
ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ 'ਤੇ ਕਈ ਥਾਵਾਂ 'ਤੇ ਵਿਨੇਸ਼ ਦਾ ਸਵਾਗਤ ਕੀਤਾ ਗਿਆ ਪਿੰਡ ਦੇ ਖੇਡ ਸਟੇਡੀਅਮ ਵਿੱਚ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਹੈ। ਹਾਲਾਂਕਿ ਰਾਜ ਸਰਕਾਰ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈ ਰਹੀ ਹੈ।
ਕੁਝ ਦਿਨ ਪਹਿਲਾਂ ਸੀਐਮ ਨਾਇਬ ਸੈਣੀ ਨੇ ਵਿਨੇਸ਼ ਨੂੰ 4 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਬਲਾਲੀ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ ਸਾਂਗਵਾਨ ਨੇ ਕਿਹਾ ਕਿ ਵਿਨੇਸ਼ ਨੂੰ ਸੋਨ ਜੇਤੂ ਵਾਂਗ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਆਉਣ ਵਾਲੇ ਸਾਰੇ ਲੋਕਾਂ ਲਈ ਦੇਸੀ ਘਿਓ ਦੇ ਪਕਵਾਨ ਤਿਆਰ ਕੀਤੇ ਗਏ।
ਆਯੋਗ ਕਰਾਰ ਦਿੱਤਾ ਗਿਆ ਸੀ
ਵਿਨੇਸ਼ ਫੋਗਾਟ ਫਾਈਨਲ ਮੈਚ ਨਹੀ ਖੇਡ ਸਕੀ ਸੀ, ਜਿਸ ਦਾ ਭਾਰਤ ਨੂੰ ਵੱਡਾ ਝਟਕਾ ਲੱਗਾ | ਵਿਨੇਸ਼ ਫੋਗਾਟ ਨੂੰ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।ਫੋਗਾਟ ਨੇ ਇਸ ਪੂਰੀ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ ਪਰ 8 ਅਗਸਤ ਦੀ ਸਵੇਰ ਉਨ੍ਹਾਂ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਪੋਸਟ ਕਰ ਕੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਵਿਨੇਸ਼ ਫੋਗਾਟ ਨੇ 6 ਅਗਸਤ ਨੂੰ 50 ਕਿਲੋਗ੍ਰਾਮ ਭਾਰ ਵਰਗ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਥਾਂ ਬਣਾਈ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ।ਇਸ ਦੇ ਨਾਲ ਕੁਸ਼ਤੀ 'ਚ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਸੀ।