ਖਬਰਿਸਤਾਨ ਨੈੱਟਵਰਕ- ਦੇਸ਼ ਭਰ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ-ਉੱਲ-ਅਜ਼ਹਾ, ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਅੱਜ 7 ਜੂਨ ਨੂੰ ਮਨਾਇਆ ਗਿਆ। ਬਕਰੀਦ ਮੌਕੇ ਮੁਸਲਿਮ ਭਾਈਚਾਰਾ ਸਵੇਰੇ ਸਭ ਤੋਂ ਪਹਿਲਾਂ ਈਦਗਾਹ ਜਾਂ ਮਸਜਿਦ ਵਿੱਚ ਵਿਸ਼ੇਸ਼ ਨਮਾਜ਼ ਅਦਾ ਕਰਦੇ ਹਨ ਤੇ ਇਕ ਦੂਜੇ ਨੂੰ ਗਲੇ ਲੱਗ ਕੇ ਈਦ ਮੁਬਾਰਕ ਕਹਿੰਦੇ ਹਨ। ਇਸ ਤੋਂ ਬਾਅਦ ਕੁਰਬਾਨੀ ਦਿੱਤੀ ਜਾਂਦੀ ਹੈ। ਇਸ ਤਿਉਹਾਰ ਦਾ ਮੁਸਲਿਮ ਭਾਈਚਾਰੇ ਵਿਚ ਇਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਭਾਈਚਾਰੇ ਦੇ ਲੋਕ ਨਵੇਂ ਕੱਪੜੇ ਪਾਉਂਦੇ ਹਨ, ਮਠਿਆਈਆਂ ਬਣਾਈਆਂ ਜਾਂਦੀਆਂ ਹਨ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਾਂਦਾ ਹੈ।
ਕੁਰਬਾਨੀ ਕਿਉਂ ਦਿੱਤੀ ਜਾਂਦੀ ਹੈ?
ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਕਰੀਦ ‘ਤੇ ਕੁਰਬਾਨੀ ਦੇਣ ਦੀ ਪਰੰਪਰਾ ਹਜ਼ਰਤ ਇਬਰਾਹਿਮ ਅਲੈਹਿਸਲਾਮ ਨਾਲ ਸੰਬੰਧਤ ਹੈ। ਇਸਲਾਮੀ ਵਿਸ਼ਵਾਸ ਅਨੁਸਾਰ, ਹਜ਼ਰਤ ਇਬਰਾਹਿਮ ਦੇ ਵਿਸ਼ਵਾਸ ਦੀ ਪਰਖ ਕਰਨ ਲਈ ਅੱਲ੍ਹਾ ਵਲੋਂ ਉਨ੍ਹਾਂ ਨੂੰ ਆਪਣੇ ਸਭ ਤੋਂ ਪਿਆਰੇ ਪੁੱਤਰ ਇਸਮਾਈਲ ਨੂੰ ਅੱਲ੍ਹਾ ਦੇ ਰਾਹ ਵਿੱਚ ਕੁਰਬਾਨ ਕਰਨ ਲਈ ਕਿਹਾ ਗਿਆ। ਕਿਉਂਕਿ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਬਹੁਤ ਪਿਆਰ ਸੀ। ਇਬਰਾਹਿਮ ਅਲੈਹਿਸਲਾਮ ਨੇ ਇਸ ਹੁਕਮ ਨੂੰ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਸਵੀਕਾਰ ਕਰ ਲਿਆ। ਜਿਵੇਂ ਹੀ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਤਿਆਰ ਹੋਏ, ਅੱਲ੍ਹਾ ਨੇ ਉਨ੍ਹਾਂ ਦੇ ਇਰਾਦੇ ਨੂੰ ਦੇਖ ਕੇ ਇਸਮਾਈਲ ਦੀ ਥਾਂ ਇੱਕ ਮੇਮਨਾ (ਬੱਕਰੀ ਦਾ ਬੱਚਾ) ਭੇਜਿਆ ਅਤੇ ਇਸ ਕੁਰਬਾਨੀ ਨੂੰ ਸਵੀਕਾਰ ਕਰ ਲਿਆ। ਉਦੋਂ ਤੋਂ ਮੁਸਲਮਾਨ ਇਸ ਦਿਨ ਇੱਕ ਜਾਨਵਰ (ਬੱਕਰੇ) ਦੀ ਕੁਰਬਾਨੀ ਦਿੰਦੇ ਹਨ ਤਾਂ ਜੋ ਉਹ ਇਬਰਾਹਿਮ ਦੇ ਇਰਾਦੇ ਅਤੇ ਅੱਲ੍ਹਾ ਪ੍ਰਤੀ ਸਮਰਪਣ ਨੂੰ ਯਾਦ ਰੱਖ ਸਕਣ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿਚ ਮੁਸਲਮਾਨ ਭੇਡ ਜਾਂ ਊਠ ਦੀ ਕੁਰਬਾਨੀ ਵੀ ਕਰਦੇ ਹਨ।
ਇਸ ਤਰ੍ਹਾਂ ਬਕਰੀਦ ਦੇ ਮੌਕੇ ਜਾਨਵਰਾਂ ਦੀ ਕੁਰਬਾਨੀ ਦੀ ਪਰੰਪਰਾ ਦਾ ਪਾਲਣ ਕੀਤਾ ਜਾਂਦਾ ਹੈ। ਬਕਰੀਦ ਸਿਰਫ਼ ਇੱਕ ਧਾਰਮਿਕ ਤਿਉਹਾਰ ਨਹੀਂ ਸਗੋਂ ਇਹ ਮਨੁੱਖਤਾ, ਭਾਈਚਾਰੇ ਅਤੇ ਰੱਬ ਵਿੱਚ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਵੀ ਹੈ। ਜਿਸ ਵਿੱਚ ਕੁਰਬਾਨੀ ਦਾ ਅਸਲ ਅਰਥ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ, ਸਗੋਂ ਆਪਣੇ ਹਿੱਤਾਂ ਦੀ ਕੁਰਬਾਨੀ ਦੇ ਕੇ ਚੰਗਿਆਈ ਨੂੰ ਅਪਣਾਉਣਾ ਹੈ।
ਹੱਜ ਯਾਤਰਾ
ਬਕਰੀਦ ਇਸਲਾਮੀ ਕੈਲੰਡਰ ਦੇ 12ਵੇਂ ਮਹੀਨੇ, ਜ਼ਿਲ-ਹਿੱਜਾਹ ਦੀ 10 ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਹੱਜ ਯਾਤਰਾ ਦੇ ਅੰਤ ਨੂੰ ਵੀ ਦਰਸਾਉਂਦਾ ਹੈ, ਜਿਸ ਵਿੱਚ ਲੱਖਾਂ ਮੁਸਲਮਾਨ ਮੱਕਾ (ਸਾਊਦੀ ਅਰਬ) ਦੀ ਯਾਤਰਾ ਕਰਦੇ ਹਨ। ਹੱਜ ਅਤੇ ਕੁਰਬਾਨੀ ਦੋਵੇਂ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹਨ।