ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਜੈਜ਼ੀ ਬੀ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਜੈਜ਼ੀ ਬੀ ਦੇ ਨਵੇਂ ਗੀਤ ਨੂੰ ਲੈ ਕੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਗੀਤ ਲਿਖਣ ਵਾਲੇ ਰਾਇਟਰ ਜੀਤ ਕੱਦੋਂਵਾਲਾ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਨੂੰ ਇਸ ਨੋਟਿਸ ਦਾ ਇੱਕ ਹਫ਼ਤੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਗੀਤ 'ਮਣਕ ਸ਼ਕੀਨਾ ਦੀ' ਵਾਇਰਲ ਹੋ ਰਿਹਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਗੀਤ ਖ਼ਿਲਾਫ਼ ਕਾਰਵਾਈ ਲਈ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂਓ ਮੋਟੋ ਲਿਆ ਗਿਆ ਹੈ। ਜੈਜ਼ੀ-ਬੀ ਤੇ ਲੇਖਕ ਜੀਤ ਕੱਦੋਂਵਾਲ ਨੂੰ ਨੋਟਿਸ ਮਿਲਣ ਦੇ ਇੱਕ ਹਫ਼ਤੇ ਅੰਦਰ ਆਪਣਾ ਜਵਾਬ ਭੇਜਣਾ ਹੋਵੇਗਾ।
ਮਣਕ ਸ਼ਕੀਨਾ ਦੀ 'ਤੇ ਵਿਵਾਦ
ਦਰਅਸਲ, ਜੈਜ਼ੀ ਬੀ ਨੇ ਮਾਰਚ ਮਹੀਨੇ 'ਚ ਗੀਤ 'ਮਣਕ ਸ਼ਕੀਨਾ ਦੀ' ਰਿਲੀਜ਼ ਕੀਤਾ ਸੀ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜੈਜ਼ੀ ਬੀ ਨੇ ਇਸ ਗੀਤ ਵਿੱਚ ਔਰਤਾਂ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਗੀਤ ਵਿੱਚ ਔਰਤਾਂ ਦੀ ਤੁਲਨਾ ਭੇਡਾਂ ਨਾਲ ਕੀਤੀ ਗਈ ਹੈ। ਜਿਸ ਕਾਰਨ ਇਹ ਸਾਰਾ ਵਿਵਾਦ ਖੜ੍ਹਾ ਹੋ ਗਿਆ ਸੀ।