ਜਲੰਧਰ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਮੁਫਤ ਫਿਲਮਾਂ ਦੀਆਂ ਟਿਕਟਾਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਤੋਂ ਬਾਅਦ 80 ਨੌਜਵਾਨ ਵੋਟਰਾਂ ਨੂੰ ਵੋਟਿੰਗ ਬੂਥ ਤੋਂ ਫਿਲਮ ਦੀਆਂ ਟਿਕਟਾਂ ਮਿਲਣਗੀਆਂ, ਜਿਸ ਨਾਲ ਉਹ ਸ਼ਹਿਰ ਦੇ ਮਲਟੀਪਲੈਕਸ ਵਿੱਚ ਜਾ ਕੇ ਫਿਲਮ ਦਾ ਆਨੰਦ ਲੈ ਸਕਣਗੇ।
ਸ਼ਹਿਰ ਦੇ ਮਲਟੀਪਲੈਕਸ ਮਦਦ ਲਈ ਆਏ ਅੱਗੇ
ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਸ਼ਹਿਰ ਦੇ ਵੱਖ-ਵੱਖ ਮਲਟੀਪਲੈਕਸਾਂ ਨੇ ਸਹਿਯੋਗ ਦਿੱਤਾ ਹੈ। ਵੋਟਰਾਂ ਨੂੰ ਵੋਟ ਪਾਉਣ ਤੋਂ ਤੁਰੰਤ ਬਾਅਦ ਪ੍ਰਸ਼ੰਸਾ ਅਤੇ ਉਤਸ਼ਾਹ ਵਜੋਂ ਮੁਫਤ ਟਿਕਟਾਂ ਵੰਡੀਆਂ ਜਾਣਗੀਆਂ।
ਰੈਸਟੋਰੈਂਟਾਂ ਤੇ ਟਰੈਵਲ ਕੰਸਲਟੈਂਟ 'ਤੇ ਵੀ ਮਿਲੇਗੀ ਛੋਟ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਪ੍ਰਸ਼ਾਸਨ ਨੇ ਰੈਸਟੋਰੈਂਟ, ਟਰੈਵਲ ਕੰਸਲਟੈਂਟ ਅਤੇ ਆਈਲੈਟਸ ਸੈਂਟਰਾਂ 'ਤੇ ਵੋਟਰਾਂ ਲਈ ਛੋਟ ਦਾ ਐਲਾਨ ਵੀ ਕੀਤਾ ਹੈ। ਜਿਸ ਅਨੁਸਾਰ ਵੋਟ ਪਾਉਣ ਵਾਲਿਆਂ ਨੂੰ ਸ਼ਹਿਰ ਦੇ ਰੈਸਟੋਰੈਂਟ, ਟਰੈਵਲ ਕੰਸਲਟੈਂਟ ਅਤੇ ਆਈਲੈਟਸ ਸੈਂਟਰਾਂ 'ਤੇ 25 ਤੋਂ 50 ਫੀਸਦੀ ਤੱਕ ਦੀ ਛੋਟ ਮਿਲੇਗੀ।
ਵੋਟਰਾਂ ਲਈ ਪੋਲਿੰਗ ਬੂਥਾਂ 'ਤੇ ਲੋੜੀਂਦੀਆਂ ਸਹੂਲਤਾਂ ਹੋਣਗੀਆਂ ਉਪਲਬਧ
ਡੀਸੀ ਅਗਰਵਾਲ ਨੇ ਅੱਗੇ ਕਿਹਾ ਕਿ ਅਸੀਂ ਵੋਟਿੰਗ ਨੂੰ ਹਰੇਕ ਲਈ, ਖਾਸ ਕਰਕੇ ਸਾਡੇ ਨੌਜਵਾਨ ਵੋਟਰਾਂ ਲਈ ਇੱਕ ਮਜ਼ੇਦਾਰ ਅਤੇ ਲਾਭਦਾਇਕ ਅਨੁਭਵ ਬਣਾਉਣ ਲਈ ਵਚਨਬੱਧ ਹਾਂ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਪੋਲਿੰਗ ਬੂਥਾਂ 'ਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਤਸਾਹਨ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੇਗਾ।