ਤਰਨ ਤਾਰਨ ਦੇ ਡੀ.ਸੀ. ਸੰਦੀਪ ਕੁਮਾਰ ਵਿਰੁੱਧ ਸੂਬੇ ਦੇ ਸਾਰੇ ਡੀ ਸੀ ਦਫਤਰਾਂ ਵਿਚ 12 ਤੋਂ 14 ਫਰਵਰੀ 2024 ਤੱਕ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ।
ਜਾਣੋ ਮਾਮਲਾ
ਡੀ ਸੀ ਤਰਨ ਤਾਰਨ ਸੰਦੀਪ ਕੁਮਾਰ ਵਲੋਂ ਕਰਮਚਾਰੀਆਂ ਦੀਆਂ ਇੱਕ ਸੀਟ ਤੋਂ ਦੂਜੀ ਸੀਟ ਉਤੇ ਸਾਲ ਵਿੱਚ ਕੇਵਲ ਇੱਕ ਵਾਰ ਬਦਲੀਆਂ ਕਰਨ ਸੰਬੰਧੀ ਸਰਕਾਰ ਵੱਲੋਂ ਜਾਰੀ ਨੀਤੀ ਦੇ ਵਿਰੁੱਧ ਜਾ ਕੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਵਾਰ-ਵਾਰ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਵਿਰੋਧ ਵਿੱਚ ਯੂਨੀਅਨ ਨੇ ਕਲਮਛੋੜ ਹੜਤਾਲ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਿਤੀ 29-01-2024 ਤੋਂ 11-02-2024 ਤੱਕ ਸਿਰਫ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਅਤੇ ਇਸ ਅਧੀਨ ਆਉਂਦੇ ਸਮੂਹ ਐਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਮੁਕੰਮਲ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਕਸ਼ਨ ਦੇ ਕੇ ਬੇਲੋੜੀਆਂ ਬਦਲੀਆਂ ਰੱਦ ਕਰਨ ਦੀ ਮੰਗ ਰੱਖੀ ਗਈ ਸੀ ਪਰ ਡੀ.ਸੀ. ਤਰਨ ਤਾਰਨ ਵੱਲੋਂ ਉਕਤ ਮਸਲਾ ਹੱਲ ਨਹੀ ਕੀਤਾ ਗਿਆ, ਜਿਸ ਕਾਰਣ
ਮੀਟਿੰਗ ਵੀ ਹੋਈ ਪਰ ਨਹੀਂ ਨਿਕਲਿਆ ਕੋਈ ਹੱਲ
DC ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਸਰਕਾਰ ਵਲੋਂ ਮਿਲੀ ਮੀਟਿੰਗ ਵਿੱਚ 8 ਫ਼ਰਵਰੀ ਨੂੰ ਮਾਣਯੋਗ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ, ਪੰਜਾਬ ਨੂੰ ਇਸ ਮਸਲੇ ਸੰਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਸੀ ਪਰ ਫ਼ਿਰ ਵੀ ਅੱਜ ਤੱਕ ਇਹ ਮਸਲਾ ਹੱਲ ਨਹੀ ਹੋਇਆ, ਜਿਸ ਕਾਰਨ ਇਹ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਵਿਚਾਰ ਵਟਾਂਦਰਾ ਕਰ ਕੇ ਫ਼ੈਸਲਾ ਲਿਆ ਹੈ ਕਿ ਡੀ.ਸੀ. ਤਰਨ ਤਾਰਨ ਦਾ ਕਰਮਚਾਰੀਆਂ ਪ੍ਰਤੀ ਜ਼ਿੱਦੀ ਵਤੀਰਾ ਬਰਦਾਸ਼ਤ ਨਾ ਕਰਦੇ ਹੋਏ ਸੂਬੇ ਦੇ ਸਮੂਹ ਜ਼ਿਲ੍ਹਿਆਂ ਦੇ ਡੀ.ਸੀ. ਦਫ਼ਤਰਾਂ/ਐਸ.ਡੀ.ਐਮ/ਤਹਿਸੀਲ ਤੇ ਸਬ-ਤਹਿਸੀਲ ਦਫ਼ਤਰਾਂ ਦੇ ਕਰਮਚਾਰੀ 12 ਫਰਵਰੀ ਤੋਂ 14 ਫਰਵਰੀ ਤੱਕ ਮੁਕੰਮਲ ਕਲਮਛੋੜ ਹੜਤਾਲ ਕਰਨਗੇ।
ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ
ਇਸ ਐਕਸ਼ਨ ਦੌਰਾਨ 14 ਫਰਵਰੀ ਨੂੰ ਕਲਮਛੋੜ ਹੜਤਾਲ ਦੇ ਨਾਲ-ਨਾਲ ਪੂਰੇ ਸੂਬੇ ਅੰਦਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਕਲਮਛੋੜ ਹੜਤਾਲ ਦੌਰਾਨ ਪੂਰੇ ਸੂਬੇ ਅੰਦਰ ਦਫਤਰੀ ਕੰਮ ਬੰਦ ਹੋਣ ਦੀ ਸਾਰੀ ਜ਼ਿੰਮੇਵਾਰੀ ਡੀ.ਸੀ. ਤਰਨ ਤਾਰਨ ਸੰਦੀਪ ਕੁਮਾਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਇਹ ਮਸਲਾ ਇਸ ਸੰਘਰਸ਼ ਦੌਰਾਨ ਹੱਲ ਨਾ ਹੋਇਆ ਤਾਂ 14 ਫਰਵਰੀ ਨੂੰ ਬਾਅਦ ਦੁਪਹਿਰ ਸੂਬਾ ਪੱਧਰੀ ਮੀਟਿੰਗ ਕਰ ਕੇ ਅਗਲਾ ਵੱਡਾ ਸੰਘਰਸ਼ ਆਰੰਭਿਆ ਜਾਵੇਗਾ।
ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ, ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ, ਕਰਵਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ, ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ।