ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਵਿੱਚ ਹੋਏ ਧਮਾਕਿਆਂ ਨੂੰ ਲੈ ਕੇ ਭਾਜਪਾ ‘ਤੇ ਲਾਏ ਗਏ ਕਥਿਤ ਦੋਸ਼ਾਂ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਤਰੁਣ ਚੁੱਘ ਦਾ ਦੋਸ਼ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਭਾਜਪਾ ਨੂੰ ਬੰਬ ਧਮਾਕਿਆਂ ਨਾਲ ਜੋੜ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਨੁਕਸਾਨ ਪਹੁੰਚਾਇਆ ਹੈ।
DGP ਅਤੇ ਮੁੱਖ ਮੰਤਰੀ ਦੇ ਬਿਆਨ ਵੱਖੋ-ਵੱਖਰੇ
ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਪੰਜਾਬ ਪੁਲਿਸ ਅਤੇ ਡੀਜੀਪੀ ਦੇ ਅਧਿਕਾਰਤ ਪੱਖ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਮੁਤਾਬਕ ਪੰਜਾਬ ਪੁਲਿਸ ਜਿੱਥੇ ISI ਅਤੇ ਵਿਦੇਸ਼ੀ ਨੈੱਟਵਰਕ ਦੀ ਸ਼ਮੂਲੀਅਤ ਦੀ ਜਾਂਚ ਦੀ ਗੱਲ ਕਰ ਰਹੀ ਹੈ, ਉੱਥੇ ਹੀ ਮੁੱਖ ਮੰਤਰੀ ਸਿਆਸੀ ਬਿਆਨਬਾਜ਼ੀ ਵਿੱਚ ਰੁੱਝੇ ਹੋਏ ਹਨ। ਮੁੱਖ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੀ ਸੁਰੱਖਿਆ ਨੂੰ ਤਰਜੀਹ ਦੇ ਰਹੇ ਹਨ ਜਾਂ ਫਿਰ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
‘ਆਪ੍ਰੇਸ਼ਨ ਸਿੰਦੂਰ’ ਦਾ ਵੀ ਕੀਤਾ ਜ਼ਿਕਰ
ਭਾਜਪਾ ਆਗੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਸ ਦਿਨ ਪੂਰਾ ਦੇਸ਼ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ‘ਤੇ ਭਾਰਤੀ ਸੈਨਾ ਦੇ ਸਾਹਸ ਅਤੇ ਸੂਰਬੀਰਤਾ ਨੂੰ ਯਾਦ ਕਰ ਰਿਹਾ ਸੀ, ਉਸੇ ਦਿਨ ਮੁੱਖ ਮੰਤਰੀ ਵੱਲੋਂ ਭਾਜਪਾ ਵਰਗੀ ਰਾਸ਼ਟਰਵਾਦੀ ਪਾਰਟੀ ਨੂੰ ਅੱਤਵਾਦੀ ਘਟਨਾਵਾਂ ਨਾਲ ਜੋੜਨਾ ਬੇਹੱਦ ਮੰਦਭਾਗਾ ਹੈ। ਇਹ ਸਿਰਫ਼ ਸਿਆਸੀ ਬਿਆਨ ਨਹੀਂ ਬਲਕਿ ਕਰੋੜਾਂ ਦੇਸ਼ ਵਾਸੀਆਂ ਦੇ ਵਿਸ਼ਵਾਸ ਅਤੇ ਜਨਮਤ ਦਾ ਅਪਮਾਨ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਬਿਆਨਬਾਜ਼ੀ ਤੇਜ਼ ਹੋ ਗਈ ਹੈ।