ਖ਼ਬਰਿਸਤਾਨ ਨੈੱਟਵਰਕ: ਹੁਸ਼ਿਆਰਪੁਰ ਦੇ ਟਾਂਡਾ ਅਧੀਨ ਪੈਂਦੇ ਪਿੰਡ ਖਰਲ ਖੁਰਦ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਆਵਾਰਾ ਕੁੱਤਿਆਂ ਨੇ ਇੱਕ 8 ਸਾਲਾ ਬੱਚੀ ‘ਤੇ ਹਮਲਾ ਕਰ ਦਿੱਤਾ। ਕੁੱਤਿਆਂ ਦੇ ਇਸ ਹਮਲੇ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੀ ਦੀ ਪਛਾਣ ਸਲੋਨੀ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ
ਮ੍ਰਿਤਕ ਬੱਚੀ ਦੇ ਪਿਤਾ ਪਿਆਰੇ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਲੋਨੀ ਸਵੇਰੇ ਕਰੀਬ 8 ਵਜੇ ਘਰ ਦੇ ਬਾਹਰ ਖੇਡ ਰਹੀ ਸੀ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਈ ਤਾਂ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕੀਤੀ। ਜਦੋਂ ਉਹ ਲੱਭਦੇ ਹੋਏ ਅੱਗੇ ਗਏ ਤਾਂ ਦੇਖਿਆ ਕਿ ਕੁੱਤਿਆਂ ਦਾ ਇੱਕ ਝੁੰਡ ਬੱਚੀ ‘ਤੇ ਬੁਰੀ ਤਰ੍ਹਾਂ ਹਮਲਾ ਕਰ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਨੂੰ ਕੁੱਤਿਆਂ ਦੇ ਚੁੰਗਲ ਵਿੱਚੋਂ ਛੁਡਾਇਆ।
ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਉਨ੍ਹਾਂ ਅੱਗੇ ਦੱਸਿਆ ਕਿ ਉਹ ਬੱਚੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਗੁੱਸੇ ਦੀ ਲਹਿਰ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਸਖ਼ਤ ਕਾਰਵਾਈ ਕੀਤੀ ਜਾਵੇ।