ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਇੱਕ ਵਾਰ ਫਿਰ ਸਕੂਲਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਐਕਟਿਵਾ ਬਲਾਸਟ ਮਾਮਲੇ ਤੋਂ ਬਾਅਦ ਹੁਣ BMC ਚੌਕ ਨੇੜੇ ਏ.ਪੀ.ਜੇ. ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਸੁਰੱਖਿਆ ਨੂੰ ਦੇਖਦੇ ਹੋਏ ਸਕੂਲ ‘ਚ ਛੁੱਟੀ ਕਰ ਦਿੱਤੀ ਗਈ ਹੈ।
ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਈਆਂ। ਸਕੂਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸੁਰੱਖਿਆ ਘੇਰਾ ਬੇਹੱਦ ਸਖ਼ਤ ਕਰ ਦਿੱਤਾ ਗਿਆ ਹੈ। ਫਿਲਹਾਲ ਮਾਹਿਰਾਂ ਦੀ ਮਦਦ ਨਾਲ ਈ-ਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਮੰਗਲਵਾਰ ਸ਼ਾਮ ਨੂੰ ਹੀ ਜਲੰਧਰ ਦੇ ਬੀ.ਐੱਸ.ਐੱਫ. ਚੌਕ ਸਥਿਤ ਬੀ.ਐੱਸ.ਐੱਫ. ਹੈੱਡਕੁਆਰਟਰ ਦੇ ਬਾਹਰ ਵੀ ਇੱਕ ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਹਾਈ ਅਲਰਟ ‘ਤੇ ਹਨ। ਪੁਲਿਸ ਇਸ ਧਮਾਕੇ ਅਤੇ ਸਕੂਲ ਨੂੰ ਮਿਲੀ ਧਮਕੀ ਵਿਚਾਲੇ ਕਿਸੇ ਸਬੰਧ ਦੀ ਵੀ ਜਾਂਚ ਕਰ ਰਹੀ ਹੈ।