ਖ਼ਬਰਿਸਤਾਨ ਨੈੱਟਵਰਕ: ਜਲੰਧਰ ਨਗਰ ਨਿਗਮ ਪ੍ਰਸ਼ਾਸਨ ਨੇ ਸਖ਼ਤ ਐਕਸ਼ਨ ਲੈਂਦਿਆਂ ਤਹਿਬਾਜ਼ਾਰੀ ਬ੍ਰਾਂਚ ਦੇ ਸੁਪਰਡੈਂਟ ਸਮੇਤ 21 ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਇਹ ਕਾਰਵਾਈ ਮੁਲਾਜ਼ਮਾਂ ਵੱਲੋਂ ਸਟ੍ਰੀਟ ਵੈਂਡਰਾਂ (ਰੇਹੜੀ-ਫੜੀ ਵਾਲਿਆਂ) ਦੀ ਫੀਸ ਵਸੂਲੀ ਦੇ ਕੀਤੇ ਗਏ ਵਿਰੋਧ ਤੋਂ ਬਾਅਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫੀਸ ਵਸੂਲੀ ਦੇ ਵਿਰੋਧ ਵਿੱਚ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਇਹ ਵੱਡਾ ਫੈਸਲਾ ਲਿਆ ਹੈ।
ਇਨ੍ਹਾਂ ਮੁਲਾਜ਼ਮਾਂ ‘ਤੇ ਡਿੱਗੀ ਗਾਜ਼
ਮੇਅਰ ਵਿਨੀਤ ਧੀਰ ਅਨੁਸਾਰ, ਤਬਾਦਲਾ ਕੀਤੇ ਗਏ ਮੁਲਾਜ਼ਮਾਂ ਵਿੱਚ ਸੁਪਰਡੈਂਟ ਮਨਦੀਪ ਸਿੰਘ, ਇੰਸਪੈਕਟਰ ਜਨਕ ਰਾਜ ਬਾਹਰੀ, ਰਾਕੇਸ਼ ਹੰਸ ਅਤੇ ਨੀਰਜ ਸਾਹੀ, ਜੂਨੀਅਰ ਸਹਾਇਕ ਹਿਤੈਸ਼ ਨਾਹਰ ਤੋਂ ਇਲਾਵਾ 4 ਕਲਰਕ, 2 ਬੇਲਦਾਰ ਅਤੇ 9 ਸਫਾਈ ਸੇਵਕਾਂ ਨੂੰ ਵੀ ਬਦਲ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਵੀਰਵਾਰ ਦੁਪਹਿਰ 12 ਵਜੇ ਤੱਕ ‘ਅਮਲਾ ਬ੍ਰਾਂਚ’ ਵਿੱਚ ਆਪਣੀ ਰਿਪੋਰਟ ਕਰਨ।