ਖਬਰਿਸਤਾਨ ਨੈੱਟਵਰਕ– ਅੱਜ ਤੋਂ ਮਾਤਾ ਸ਼੍ਰੀ ਚਿੰਤਪੂਰਨੀ ਦੇ ਮੇਲੇ ਸ਼ੁਰੂ ਹੋ ਚੁੱਕੇ ਹਨ। ਸ਼੍ਰਵਣ ਅਸ਼ਟਮੀ ਦੇ ਮੇਲੇ 25 ਜੁਲਾਈ ਤੋਂ 3 ਅਗਸਤ ਤੱਕ ਮਾਤਾ ਸ਼੍ਰੀ ਚਿੰਤਪੂਰਨੀ ਵਿਖੇ ਲੱਗਣਗੇ।ਮਾਤਾ ਦੇ ਮੇਲੇ 25 ਜੁਲਾਈ ਤੋਂ 3 ਅਗਸਤ ਤੱਕ ਚੱਲਣਗੇ। ਮਾਂ ਦੇ ਮੇਲਿਆਂ ਨੂੰ ਲੈ ਕੇ ਭਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਫੁੱਲਾਂ ਨਾਲ ਸਜਿਆ ਮਾਂ ਦਾ ਦਰਬਾਰ
ਮੇਲੇ ਨੂੰ ਲੈ ਕੇ ਮਾਂ ਦਾ ਦਰਬਾਰ ਸੋਹਣੇ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ ਦਾ ਨਜ਼ਾਰਾ ਅਲੌਕਿਕ ਹੈ। ਮੇਲੇ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦੂਰੋਂ ਦੂਰੋਂ ਸ਼ੜਧਾਲੂਆਂ ਦਾ ਆਉਣਾ ਸ਼ੁਰੂ ਹੋ ਚੁੱਕਾ ਹੈ।
ਭਗਤਾਂ ਲਈ ਮੰਦਰ 24 ਘੰਟੇ ਖੁੱਲਾ
ਐੱਸਡੀਐੱਮ ਅੰਬ ਸਚਿਨ ਸ਼ਰਮਾ ਨੇ ਇਸ ਸਬੰਧ ਵਿਚ ਮਾਈਦਾਸ ਸਦਨ ਚਿੰਤਾਪੂਰਨੀ ਵਿਖੇ ਸਬੰਧਤ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਸੀ ਅਤੇ ਮੇਲੇ ਦੇ ਆਯੋਜਨ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਮੇਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਚਿਨ ਸ਼ਰਮਾ ਨੇ ਦੱਸਿਆ ਕਿ ਮੇਲੇ ਦੌਰਾਨ ਮਾਤਾ ਸ਼੍ਰੀ ਚਿੰਤਾਪੂਰਨੀ ਦਾ ਮੰਦਰ ਸ਼ਰਧਾਲੂਆਂ ਲਈ 24 ਘੰਟੇ ਖੁੱਲ੍ਹਾ ਰਹੇਗਾ। ਰਾਤ ਨੂੰ ਸਿਰਫ਼ ਇੱਕ ਘੰਟੇ ਲਈ ਸਫ਼ਾਈ ਲਈ ਮੰਦਰ ਬੰਦ ਰਹੇਗਾ। ਦੁਪਹਿਰ ਨੂੰ ਕੁਝ ਸਮੇਂ ਲਈ ਸਜਾਵਟ ਅਤੇ ਮਾਂ ਦੇ ਚੜ੍ਹਾਵੇ ਆਦਿ ਲਈ ਵੀ ਮੰਦਰ ਬੰਦ ਰਹੇਗਾ।
ਸੁਰੱਖਿਆ ਦੇ ਸਖਤ ਪ੍ਰਬੰਧ
ਮੇਲੇ ਦੇ ਮੱਦੇਨਜ਼ਰ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਚੱਪੇ-ਚੱਪੇ ਉਤੇ ਪੁਲਸ ਵਲੋਂ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ। ਕੁਲ ਮਿਲਾ ਕੇ ਪੁਲਸ ਵਲੋਂ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਗਏ ਹਨ।
ਪ੍ਰਸ਼ਾਸਨ ਦੀਆਂ ਹਦਾਇਤਾਂ
ਮੇਲੇ ਦੌਰਾਨ ਕਾਨੂੰਨ ਵਿਵਸਥਾ ਲਈ ਤਾਇਨਾਤ ਸੈਨਿਕਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੁਆਰਾ ਹਥਿਆਰ ਲੈ ਕੇ ਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਮੇਲੇ ਦੌਰਾਨ ਬੈਂਡ, ਢੋਲ, ਲੰਬੇ ਚਿਮਟੇ ਆਦਿ ਲਿਆਉਣ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਜੇਕਰ ਕੋਈ ਵਿਅਕਤੀ ਇਨ੍ਹਾਂ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ ਤਾਂ ਉਸਨੂੰ ਇਨ੍ਹਾਂ ਨੂੰ ਪੁਲਸ ਦੁਆਰਾ ਲਗਾਏ ਗਏ ਬੈਰੀਅਰ ‘ਤੇ ਜਮ੍ਹਾ ਕਰਵਾਉਣਾ ਪਵੇਗਾ।
ਸ਼ਰਧਾਲੂਆਂ ਵਲੋਂ ਥਾਂ-ਥਾਂ ਉਤੇ ਲਾਇਆ ਜਾਂਦੈ ਲੰਗਰ
ਮਾਂ ਦੇ ਮੇਲੇ ਸ਼ੁਰੂ ਹੁੰਦੇ ਹੀ ਸ਼ਰਧਾਲੂਆਂ ਵਲੋਂ ਦਰਬਾਰ ਆਉਣ ਵਾਲੇ ਸਾਰੇ ਭਗਤਾਂ ਲਈ ਖੁੱਲ੍ਹੇ ਲੰਗਰ ਭੰਡਾਰੇ ਲਾਏ ਜਾਂਦੇ ਹਨ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ, ਮਠਿਆਈਆਂ ਆਦਿ ਬਣਾਈਆਂ ਜਾਂਦੀਆਂ ਹਨ।