ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ, ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਸਫ਼ਰ ਦੀ ਤਿਆਰੀ ਕਰ ਰਹੇ ਨੇ , ਉੱਥੇ ਹੀ ਭਾਰਤੀ ਰੇਲਵੇ ਤੋਂ ਇੱਕ ਵੱਡੀ ਤੇ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ । ਰੇਲਵੇ ਨੈੱਟਵਰਕ ‘ਤੇ ਚੱਲ ਰਹੇ ਵੱਡੇ ਰੱਖ-ਰਖਾਅ ਦੇ ਕੰਮ ਕਾਰਨ ਦੇਸ਼ ਭਰ ‘ਚ ਸੈਂਕੜੇ ਟ੍ਰੇਨਾਂ ਪ੍ਰਭਵਤ ਹੋਣਗੀਆਂ।
ਪ੍ਰਯਾਗਰਾਜ ਤੇ ਚੁਰੂ-ਸਾਦੁਲਪੁਰ ਸੈਕਸ਼ਨ ‘ਤੇ ਲਏ ਗਏ ਟ੍ਰੈਫਿਕ ਬਲਾਕ ਕਾਰਨ ਅਪ੍ਰੈਲ ਤੋਂ ਜੂਨ ਤੱਕ 350 ਤੋਂ ਵੱਧ ਟ੍ਰੇਨਾਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਰਹੀਆਂ ਹਨ। ਕਈ ਅਹਿਮ ਐਕਸਪ੍ਰੈਸ ਅਤੇ ਪੈਸੇਂਜਰ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਨ੍ਹਾਂ ਟ੍ਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ, ਉਨ੍ਹਾਂ ਦੇ ਸਮੇਂ ਵਿੱਚ ਭਾਰੀ ਦੇਰੀ ਹੋ ਰਹੀ ਹੈ । ਮੁਸਾਫ਼ਰਾਂ ਲਈ ਹੁਣ ਕਿਸੇ ਵੀ ਟ੍ਰੇਨ ਵਿੱਚ ਕਨਫਰਮ ਸੀਟ ਮਿਲਣੀ ਲਗਭਗ ਅਸੰਭਵ ਹੋ ਗਈ ਹੈ ।
ਆਮ ਜਨਤਾ ‘ਚ ਇਸ ਨੂੰ ਲੈ ਕੇ ਭਾਰੀ ਰੋਸ ਹੈ । ਮੱਧਮ ਵਰਗ ਦੇ ਉਹ ਲੋਕ ਜੋ ਮਹਿੰਗੀਆਂ ਫਲਾਈਟਾਂ ਦਾ ਖ਼ਰਚਾ ਨਹੀਂ ਚੁੱਕ ਸਕਦੇ, ਰੇਲਵੇ ਤੋਂ ਬਿਹਤਰ ਪ੍ਰਬੰਧਾਂ ਦੀ ਮੰਗ ਕਰ ਰਹੇ ਹਨ ।
ਦੂਜੇ ਪਾਸੇ, ਰੇਲਵੇ ਅਧਿਕਾਰੀਆਂ ਦਾ ਤਰਕ ਹੈ ਕਿ ਆਧੁਨਿਕੀਕਰਨ ਲਈ ਇਹ ਕਦਮ ਜ਼ਰੂਰੀ ਹੈ । ਰੂਟ ‘ਤੇ ਲਾਈਨਾਂ ਨੂੰ ਦੁੱਗਣਾ ਕਰਨ ਅਤੇ ਆਟੋਮੈਟਿਕ ਸਿਗਨਲਿੰਗ ਦਾ ਕੰਮ ਭਵਿੱਖ ਵਿੱਚ ਸਫ਼ਰ ਨੂੰ ਸੁਰੱਖਿਅਤ ਬਣਾਏਗਾ। ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਸਫ਼ਰ ਕਰ ਰਹੇ ਹੋ ,ਤਾਂ ਰੇਲਵੇ ਦੀ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ ‘ਤੇ ਆਪਣੀ ਟ੍ਰੇਨ ਦੀ ਸਥਿਤੀ ਜ਼ਰੂਰ ਜਾਣ ਲਓ।