ਖਬਰਿਸਤਾਨ ਨੈੱਟਵਰਕ- ਹਰ ਕਿਸੇ ਦਾ ਇਹੀ ਮੰਨਣਾ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਗਾਲ੍ਹਾਂ ਕੱਢਦੇ ਹਨ। ਹਾਲਾਂਕਿ ਅਸਲ ‘ਚ ਅਜਿਹਾ ਨਹੀਂ ਹੈ। ਇੱਕ ਸਰਵੇ ‘ਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ ,ਹਰਿਆਣਾ ਜਾਂ ਯੂਪੀ ਦੇ ਲੋਕ ਨਹੀਂ ਬਲਕਿ ਦਿੱਲੀ ਦੇ ਲੋਕ ਸਭ ਤੋਂ ਜ਼ਿਆਦਾ ਗਾਲ੍ਹਾਂ ਕੱਢਦੇ ਹਨ। ਇਸ ਸਰਵੇ ਅਨੁਸਾਰ 30 ਪ੍ਰਤੀਸ਼ਤ ਔਰਤਾਂ ਅਤੇ ਕੁੜੀਆਂ ਗਾਲ੍ਹਾਂ ਕੱਢਦੀਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਗਾਲ੍ਹਾਂ ਕੱਢਣਾ ਆਮ ਹੈ।
ਸਰਵੇ ‘ਚ ਇਹ ਖੁਲਾਸਾ ਹੋਇਆ ਹੈ ਕਿ ਦਿੱਲੀ ਵਿੱਚ 80 ਪ੍ਰਤੀਸ਼ਤ ਲੋਕ ਗਾਲ੍ਹਾਂ ਕੱਢਦੇ ਹਨ ਅਤੇ ਇਹ ਦੇਸ਼ ਦਾ ਇੱਕ ਅਜਿਹਾ ਰਾਜ ਹੈ ਜਿੱਥੇ ਲੋਕ ਸਭ ਤੋਂ ਵੱਧ ਗਾਲ੍ਹਾਂ ਕੱਢਦੇ ਹਨ। ਜਦਕਿ ਪੰਜਾਬ ਦੂਜੇ ਨੰਬਰ ‘ਤੇ ਆਉਂਦਾ ਹੈ ਜਿੱਥੇ 78 ਪ੍ਰਤੀਸ਼ਤ ਲੋਕ ਗਾਲ੍ਹਾਂ ਕੱਢਦੇ ਹਨ।ਗਾਲ੍ਹਾਂ ਕੱਢਣ ਦੇ ਮਾਮਲੇ ‘ਚ ਬਿਹਾਰ ਅਤੇ ਉੱਤਰ ਪ੍ਰਦੇਸ਼ ਇੱਕੋ ਜਿਹੀ ਸਥਿਤੀ ਵਿੱਚ ਹਨ। ਯੂਪੀ ਅਤੇ ਬਿਹਾਰ ਦੇ 74 ਪ੍ਰਤੀਸ਼ਤ ਲੋਕ ਗਾਲ੍ਹਾਂ ਕੱਢਦੇ ਹਨ।
ਸੈਲਫੀ ਵਿਦ ਡੌਟਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਪ੍ਰੈਕਟਿਸ ਦੇ ਪ੍ਰੋਫੈਸਰ ਡਾ. ਸੁਨੀਲ ਜਗਲਾਨ ਨੇ ‘ਗਾਲੀ ਬੰਦ ਘਰ’ ਮੁਹਿੰਮ ਸ਼ੁਰੂ ਕੀਤੀ ਅਤੇ ਇਸਦੇ ਤਹਿਤ ਇੱਕ ਸਰਵੇ ਕੀਤਾ ਗਿਆ। 11 ਸਾਲਾਂ ਵਿੱਚ ਇਸ ਸਰਵੇ ਵਿੱਚ ਲਗਭਗ 70 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਲੋਕਾਂ ਵਿੱਚ ਨੌਜਵਾਨ, ਮਾਪੇ, ਅਧਿਆਪਕ, ਡਾਕਟਰ, ਆਟੋ ਡਰਾਈਵਰ, ਸਕੂਲ ਅਤੇ ਕਾਲਜ ਦੇ ਵਿਦਿਆਰਥੀ, ਪੁਲਿਸ ਕਰਮਚਾਰੀ, ਵਕੀਲ, ਕਾਰੋਬਾਰੀ, ਸਫਾਈ ਕਰਮਚਾਰੀ, ਪ੍ਰੋਫੈਸਰ, ਪੰਚਾਇਤ ਮੈਂਬਰ ਸ਼ਾਮਲ ਸਨ।
ਇਸ ਸਰਵੇ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ‘ਚ ਗਾਲ੍ਹਾਂ ਕੱਢਣ ਦੀ ਗਿਣਤੀ ਜਿਆਦਾ ਹੈ। ਗਾਲ੍ਹਾਂ ਕੱਢਣਾ ਲੋਕਾਂ ਦੀ ਆਦਤ ਬਣ ਗਈ ਹੈ। ਹਰ ਕੋਈ ਗੱਲ-ਗੱਲ ‘ਤੇ ਗਾਲ੍ਹਾਂ ਕੱਢਦਾ ਹੈ। ਮਾਂ, ਭੈਣ ਅਤੇ ਧੀਆਂ ਲਈ ਗਾਲ੍ਹਾਂ ਦਾ ਇਸਤੇਮਾਲ ਦਿੱਲੀ ‘ਚ ਜਿਆਦਾ ਕੀਤਾ ਜਾਂਦਾ ਹੈ। ਸਰਵੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਲੋਕਾਂ ਲਈ ਗਾਲ੍ਹਾਂ ਦੇਣਾ ਇੱਕ ਆਦਤ ਬਣ ਗਈ ਹੈ, ਜੋ ਗੱਲ-ਗੱਲ ਤੇ ਗਾਲ੍ਹਾਂ ਕੱਢਦੇ ਹਨ।