ਪੰਜਾਬ ਵਿੱਚ ਸਾਲ 2026 ਲੋਕਾਂ ਲਈ 2 ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ । ਸਾਲ ਦੀ ਸ਼ੁਰੂਆਤ ਵਿੱਚ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਇਸ ਤੋਂ ਇਲਾਵਾ ਹਰ ਮਹਿਲਾ ਨੂੰ ਪ੍ਰਤੀ ਮਹੀਨਾ 1100 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਇਸ ਯੋਜਨਾ ਦਾ 1 ਕਰੋੜ ਤੋਂ ਵੱਧ ਔਰਤਾਂ ਪਿਛਲੇ 4 ਸਾਲਾਂ ਤੋਂ ਇੰਤਜ਼ਾਰ ਕਰ ਰਹੀਆਂ ਸਨ।
ਇਸ ਦੌਰਾਨ ਲੋਕਾਂ ਨੂੰ ਸਰਕਾਰੀ ਬੱਸਾਂ ਵਿੱਚ ਵੀ ਆਰਾਮਦਾਇਕ ਸਫ਼ਰ ਮਿਲੇਗਾ, ਕਿਉਂਕਿ ਸਰਕਾਰ ਨਵੀਂਆਂ ਬੱਸਾਂ ਖਰੀਦ ਰਹੀ ਹੈ। ਨੌਜਵਾਨਾਂ ਨੂੰ ਵੀ ਬੱਸ ਪਰਮਿਟਾਂ ਰਾਹੀਂ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ, ਕ੍ਰਿਕਟ ਪ੍ਰਸ਼ੰਸਕ ਮੋਹਾਲੀ ਅਤੇ ਧਰਮਸ਼ਾਲਾ ਵਿੱਚ IPL ਦੇ ਹਾਈ-ਐਂਟਰਟੇਨਮੈਂਟ ਮੁਕਾਬਲਿਆਂ ਦਾ ਆਨੰਦ ਮਾਨਣਗੇ।
ਆਪ (AAP) ਸਰਕਾਰ ਦਾ ਆਖਰੀ ਬਜਟ
ਸਾਲ 2026 ਵਿੱਚ ‘ਆਪ’ ਸਰਕਾਰ ਦਾ ਆਖਰੀ ਬਜਟ ਆਵੇਗਾ, ਜਿਸ ਵਿੱਚ ਲੋਕਾਂ ‘ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸਿੱਖਿਆ ਅਤੇ ਸਿਹਤ ਸਮੇਤ ਕਈ ਖੇਤਰਾਂ ਲਈ ਬਜਟ ਦੀ ਵੱਡੀ ਰਾਸ਼ੀ ਰਾਖਵੀਂ ਰੱਖੀ ਜਾਵੇਗੀ।
ਚੋਣਾਂ ਦਾ ਮਾਹੌਲ ਅਤੇ ਸਿਆਸੀ ਹਲਚਲ
ਸਾਲ ਦੇ ਅੰਤ ਤੱਕ ਪੰਜਾਬ ਚੋਣਾਂ ਦੇ ਮੂਡ ਵਿੱਚ ਚਲਾ ਜਾਵੇਗਾ। ਸਰਕਾਰ ਵੀ ਇਸ ਨੂੰ ਲੈ ਕੇ ਤੇਜ਼ੀ ਨਾਲ ਵੱਡੇ ਫੈਸਲੇ ਲਵੇਗੀ। ਸਿਆਸੀ ਮਾਹੌਲ ਗਰਮਾਏਗਾ ਅਤੇ ਸਿਆਸੀ ਪਾਰਟੀਆਂ ਵਿੱਚ ਜੋੜ-ਤੋੜ ਦਾ ਸਿਲਸਿਲਾ ਵੀ ਦੇਖਣ ਨੂੰ ਮਿਲੇਗਾ। ਚੰਡੀਗੜ੍ਹ ਨੂੰ ਨਗਰ ਨਿਗਮ ਕੌਂਸਲਰਾਂ ਦੇ ਇਸ ਕਾਰਜਕਾਲ ਦਾ 5ਵਾਂ ਅਤੇ ਆਖਰੀ ਮੇਅਰ ਮਿਲੇਗਾ। ਇਸ ਵਾਰ ਕੌਂਸਲਰ ਹੱਥ ਖੜ੍ਹੇ ਕਰਕੇ ਮੇਅਰ ਦੀ ਚੋਣ ਕਰਨਗੇ।
ਸਿਹਤ ਅਤੇ ਵਿੱਤੀ ਸਹਾਇਤਾ
10 ਲੱਖ ਤੱਕ ਦਾ ਮੁਫ਼ਤ ਇਲਾਜ: ਪੰਜਾਬ ਦੇ ਲੋਕਾਂ ਨੂੰ 2026 ਦੀ ਸ਼ੁਰੂਆਤ ਵਿੱਚ ਹੀ ਕੈਸ਼ਲੈੱਸ ਇਲਾਜ ਦਾ ਲਾਭ ਮਿਲੇਗਾ। ਇਸ ਲਈ ਪੰਜਾਬ ਸਰਕਾਰ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਸ਼ੁਰੂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਨੂੰ ਜਨਵਰੀ ਵਿੱਚ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਵਿੱਚ ਬਿਨਾਂ ਕਿਸੇ ਸਾਲਾਨਾ ਆਮਦਨ ਦੀ ਸੀਮਾ ਦੇ, ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
ਔਰਤਾਂ ਨੂੰ 1100 ਰੁਪਏ ਮਹੀਨਾ: ਮਾਰਚ ਦੇ ਬਜਟ ਵਿੱਚ ਵਿਵਸਥਾ ਕਰਕੇ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਵਿੱਚ ਇਹ ਵਾਅਦਾ ਕੀਤਾ ਸੀ, ਜਿਸ ਨੂੰ ਹੁਣ 2026 ਵਿੱਚ ਪੂਰਾ ਕੀਤਾ ਜਾਵੇਗਾ।
ਟ੍ਰਾਂਸਪੋਰਟ ਸਿਸਟਮ ਵਿੱਚ ਸੁਧਾਰ
ਪੰਜਾਬ ਵਿੱਚ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ। ਸਰਕਾਰ ਇਸ ਸਾਲ 1,262 ਨਵੀਂਆਂ ਬੱਸਾਂ ਖਰੀਦੇਗੀ, ਜੋ PRTC ਅਤੇ ਪਨਬੱਸ ਦੇ ਬੇੜੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਦੀ ਘੋਸ਼ਣਾ ਅਨੁਸਾਰ, ਪੰਜਾਬ ਦੇ ਹਰ ਪਿੰਡ ਨੂੰ ਬੱਸ ਸੇਵਾ ਨਾਲ ਜੋੜਿਆ ਜਾਵੇਗਾ ਅਤੇ ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਦੇ ਕੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।