ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਕਾਰਨ ਸੂਬੇ ਦੀਆਂ 115 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਬੀਤੀ ਰਾਤ ਖਾਸ ਕਰਕੇ ਕਾਂਗੜਾ, ਸ਼ਿਮਲਾ, ਸੋਲਨ ਅਤੇ ਮੰਡੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਮੰਡੀ ਦੇ ਸੁੰਦਰਨਗਰ ਵਿੱਚ ਰਾਤ ਨੂੰ ਸਭ ਤੋਂ ਵੱਧ 121 ਮਿਲੀਮੀਟਰ ਮੀਂਹ ਪਿਆ। ਦੁਪਹਿਰ 1 ਵਜੇ ਤੱਕ ਪਾਲਮਪੁਰ ਵਿੱਚ 120 ਐਮਐਮ, ਸ਼ਿਮਲਾ ਵਿੱਚ 92 ਐਮਐਮ, ਧਰਮਸ਼ਾਲਾ ਵਿੱਚ 27 ਐਮਐਮ ਅਤੇ ਸੋਲਨ ਵਿੱਚ 86 ਐਮਐਮ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਇਸ ਮਾਨਸੂਨ ਸੀਜ਼ਨ 'ਚ ਪਹਿਲੀ ਵਾਰ ਫਲੈਸ਼ ਫਲੱਡ ਅਲਰਟ ਜਾਰੀ ਕੀਤਾ ਹੈ।
ਮੀਂਹ ਕਾਰਨ ਕਈ ਥਾਵਾਂ 'ਤੇ ਲਾਈਟਾਂ ਬੰਦ ਹਨ
ਮੰਡੀ 'ਚ ਚੰਡੀਗੜ੍ਹ-ਮਨਾਲੀ ਹਾਈਵੇਅ ਦਾ ਇੱਕ ਹਿੱਸਾ ਧੱਸ ਰਿਹਾ ਹੈ। ਪੰਡੋਹ ਡੈਮ ਨੇੜੇ ਹਾਈਵੇ 'ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਹਾਈਵੇਅ ਨੂੰ ਖਤਰਾ ਹੈ। ਮੰਡੀ ਤੋਂ ਇਲਾਵਾ ਚੰਬਾ ਜ਼ਿਲ੍ਹੇ ਦੀਆਂ 4 ਸੜਕਾਂ, ਸੋਲਨ ਜ਼ਿਲ੍ਹੇ ਦੀਆਂ 3 ਅਤੇ ਕਾਂਗੜਾ ਦੇ ਇੰਦੌਰ 'ਚ 1 ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੈ। ਮੀਂਹ ਕਾਰਨ ਬਿਜਲੀ ਦੇ 212 ਟਰਾਂਸਫਾਰਮਰ ਖਰਾਬ ਹੋ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 147 ਮੰਡੀ ਜ਼ਿਲ੍ਹੇ ਵਿੱਚ ਹਨ। ਇਸ ਤੋਂ ਇਲਾਵਾ ਕੁੱਲੂ ਵਿੱਚ 42, ਚੰਬਾ ਵਿੱਚ 16 ਅਤੇ ਸੋਲਨ ਵਿੱਚ 7 ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ।
ਸ਼ਿਮਲਾ, ਸਿਰਮੌਰ ਅਤੇ ਮੰਡੀ ਵਿੱਚ ਹੜ੍ਹ ਵਰਗੀ ਸਥਿਤੀ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵੱਲੋਂ ਰਾਜ ਦੇ ਕਈ ਖੇਤਰਾਂ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਔਰੇਂਜ ਅਲੇਟ ਜਾਰੀ ਕੀਤਾ ਹੈ। ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਨੂੰ ਕੱਲ੍ਹ ਸਵੇਰੇ 11.30 ਵਜੇ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਰਾਤ ਵੇਲੇ ਵੀ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਮਗਰੋਂ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਸੈਲਾਨੀਆਂ ਨੂੰ ਪ੍ਰਸ਼ਾਸਨ ਨੇ ਕੀਤੀ ਅਪੀਲ
ਸਕੱਤਰ ਓਂਕਾਰ ਸ਼ਰਮਾ ਨੇ ਦੱਸਿਆ ਕਿ ਸੂਬੇ ਵਿੱਚ ਬਰਸਾਤ ਕਾਰਨ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਅਜਿਹੇ 'ਚ ਸੈਲਾਨੀ ਸੈਲਫੀ ਲੈਣ ਲਈ ਨਦੀਆਂ ਦੇ ਨੇੜੇ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਥੇ ਸਾਈਨ ਬੋਰਡ ਲਗਾਏ ਗਏ ਹਨ ਨਦੀਆਂ-ਨਾਲਿਆਂ ਨੇੜੇ ਨਾ ਜਾਣ , ਪਰ ਉੱਥੇ ਸੈਲਫੀ ਲੈਣ ਦੇ ਚੱਕਰ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਅਜਿਹੇ ਮੀਂਹ ਦੇ ਸਬੰਧ ਵਿੱਚ ਸੈਲਾਨੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਨਦੀਆਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।