ਕੈਨੇਡਾ ਵਿਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵੀਡੀਓ ਸਾਹਮਣੇ ਆ ਗਈ ਹੈ, ਨਿੱਝਰ ਦੀ ਪਿਛਲੇ ਸਾਲ ਜੂਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵੀਡੀਓ 'ਚ ਹਮਲਾਵਰ ਨਿੱਝਰ ਨੂੰ ਗੋਲੀ ਮਾਰ ਕੇ ਭੱਜਦੇ ਨਜ਼ਰ ਆ ਰਹੇ ਹਨ। ਦੇਸ਼ ਵਿਰੋਧੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਆਹਮੋ-ਸਾਹਮਣੇ ਆ ਗਏ ਸਨ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਘਟਨਾ ਵਾਲੇ ਦਿਨ ਹਰਦੀਪ ਸਿੰਘ ਨਿੱਝਰ ਆਪਣੇ ਪਿਕਅੱਪ ਟਰੱਕ ਵਿਚ ਗੁਰਦੁਆਰਾ ਪਾਰਕਿੰਗ ਤੋਂ ਬਾਹਰ ਨਿਕਲਿਆ ਅਤੇ ਜਿਵੇਂ ਹੀ ਉਹ ਬਾਹਰ ਨਿਕਲਿਆ ਤਾਂ ਅਚਾਨਕ ਇਕ ਚਿੱਟੇ ਰੰਗ ਦੀ ਸੇਡਾਨ ਕਾਰ ਉਸ ਦੇ ਅੱਗੇ ਆ ਕੇ ਰੁਕੀ, ਜਿਸ ਵਿਚੋਂ ਦੋ ਲੋਕ ਬਾਹਰ ਆਏ ਅਤੇ ਹਰਦੀਪ ਸਿੰਘ ਨਿੱਝਰ 'ਤੇ ਗੋਲੀਆਂ ਚਲਾ ਦਿੱਤੀਆਂ। ਕੈਨੇਡਾ ਦੇ ਇੱਕ ਮੀਡੀਆ ਹਾਊਸ ਵੱਲੋਂ ਜਾਰੀ ਕੀਤਾ ਗਿਆ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਹੋਏ ਫਰਾਰ
ਨਿੱਝਰ ਨੂੰ ਗੋਲੀ ਮਾਰਨ ਤੋਂ ਬਾਅਦ ਹਮਲਾਵਰ ਚਿੱਟੇ ਰੰਗ ਦੀ ਟੋਇਟਾ ਕੈਮਰੀ ਕਾਰ ਵਿੱਚ ਫਰਾਰ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਨਿੱਝਰ ਨੂੰ ਜਿਸ ਥਾਂ 'ਤੇ ਗੋਲੀ ਮਾਰੀ ਗਈ, ਉਸ ਤੋਂ ਕੁਝ ਦੂਰੀ 'ਤੇ ਦੋ ਨੌਜਵਾਨ ਫੁੱਟਬਾਲ ਖੇਡ ਰਹੇ ਸਨ।ਗੋਲੀ ਦੀ ਆਵਾਜ਼ ਸੁਣਦੇ ਹੀ ਉਹ ਮੌਕੇ 'ਤੇ ਪਹੁੰਚ ਗਏ।
ਇਕ ਚਸ਼ਮਦੀਦ ਨੇ ਦੱਸਿਆ ਕਿ ਉਹ ਨਿੱਝਰ ਕੋਲ ਮਦਦ ਲਈ ਪਹੁੰਚਿਆ ਅਤੇ ਇਕ ਹੋਰ ਨੌਜਵਾਨ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਚਸ਼ਮਦੀਦ ਨੇ ਦੱਸਿਆ ਕਿ ਕਾਰ 'ਚ ਪਹਿਲਾਂ ਹੀ ਤਿੰਨ ਲੋਕ ਸਵਾਰ ਸਨ, ਜਿਸ 'ਚ ਹਮਲਾਵਰ ਫਰਾਰ ਹੋ ਗਏ।
ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧ ਵਿਗੜੇ
ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਨੌਂ ਮਹੀਨੇ ਬੀਤ ਚੁੱਕੇ ਹਨ ਪਰ ਹੁਣ ਤੱਕ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨਾ ਤਾਂ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਨਾਂ ਉਜਾਗਰ ਕਰ ਸਕੀ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ। ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡੀਅਨ ਪੀਐਮ ਨੇ ਦੋਸ਼ ਲਾਇਆ ਸੀ ਕਿ ਇਸ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੋਸ਼ਾਂ ਕਾਰਨ ਭਾਰਤ-ਕੈਨੇਡਾ ਸਬੰਧ ਵਿਗੜ ਗਏ ਸਨ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ ਨਿੱਝਰ ਦੇ ਕਤਲ ਸਬੰਧੀ ਕੈਨੇਡਾ ਵੱਲੋਂ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।