ਖਬਰਿਸਤਾਨ ਨੈੱਟਵਰਕ- ਅਮਰੀਕਾ ਵਿਚ ਹਰਿਆਣਾ ਦੇ ਗੱਭਰੂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨ ਕਰਨਾਲ ਦੇ ਮੰਚੂਰੀ ਪਿੰਡ ਦਾ ਰਹਿਣ ਵਾਲਾ ਸੀ, ਜਿਸ ਦੀ ਕੈਲੀਫੋਰਨੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਟਰਾਲਾ ਚਲਾਉਂਦਾ ਸੀ ਨੌਜਵਾਨ
ਇਹ ਨੌਜਵਾਨ ਕੈਲੀਫੋਰਨੀਆ ਵਿੱਚ ਟਰਾਲਾ ਡਰਾਈਵਰ ਸੀ। ਸ਼ਨੀਵਾਰ ਸ਼ਾਮ ਨੂੰ ਉਹ ਇੱਕ ਟਰਾਲੇ ਵਿੱਚ ਸਾਮਾਨ ਲੈ ਕੇ ਵਾਸ਼ਿੰਗਟਨ ਤੋਂ ਕੈਲੀਫ਼ੋਰਨੀਆ ਆ ਰਿਹਾ ਸੀ, ਜਿਸ ਦੌਰਾਨ ਟਰਾਲਾ ਆਪਣੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਕੀਤੀ ਅਪੀਲ
ਐਤਵਾਰ ਸਵੇਰੇ ਮ੍ਰਿਤਕ ਦੇ ਅਮਰੀਕਾ ਰਹਿੰਦੇ ਦੋਸਤਾਂ ਨੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
ਇਕਲੌਤੇ ਪੁੱਤ ਨੂੰ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼
ਮ੍ਰਿਤਕ ਦੀ ਪਛਾਣ ਗੁਰਮਹਿਕ ਸਿੱਧੂ ਵਜੋਂ ਹੋਈ ਹੈ, ਜੋ ਕਿ ਮਹਿਜ਼ 26 ਸਾਲਾ ਦਾ ਸੀ। ਉਹ ਮੰਚੂਰੀ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਹੀਰਾ ਸਿੰਘ ਦਾ ਪੁੱਤਰ ਸੀ। ਗੁਰਮਹਿਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਤਿੰਨ ਸਾਲ ਪਹਿਲਾਂ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਹੀਰਾ ਸਿੰਘ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਲਗਭਗ 35 ਲੱਖ ਰੁਪਏ ਖ਼ਰਚ ਕੀਤੇ ਸਨ, ਇਹ ਪੈਸੇ ਉਸ ਨੇ ਕਰਜ਼ਾ ਲੈ ਕੇ ਦਿੱਤੇ ਸਨ।
ਅਮਰੀਕਾ ਜਾਣ ਤੋਂ ਬਾਅਦ ਗੁਰਮਹਿਕ ਸਿੰਘ ਨੇ ਪਹਿਲਾਂ ਇੱਕ ਸਟੋਰ ਵਿੱਚ ਕੰਮ ਕੀਤਾ। ਲਗਭਗ ਇੱਕ ਸਾਲ ਪਹਿਲਾਂ, ਉਸ ਨੂੰ ਅਮਰੀਕਾ ਵਿੱਚ ਡਰਾਈਵਿੰਗ ਲਾਇਸੈਂਸ ਮਿਲਿਆ ਅਤੇ ਉਦੋਂ ਤੋਂ ਉਸ ਨੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤ। ਹੁਣ ਉਹ ਆਪਣੇ ਦੋਸਤਾਂ ਨਾਲ ਕੈਲੀਫੋਰਨੀਆ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਟਰਾਲਾ ਐਕਸੀਡੈਂਟ ਵਿਚ ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।