ਅਮਰੀਕਾ ਵਿਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਉਤੇ ਡਿਪੋਰਟ ਕਰਨ ਦਾ ਐਕਸ਼ਨ ਜਾਰੀ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਪ੍ਰਵਾਸੀਆਂ ਕਾਰਨ ਨਜ਼ਰਬੰਦੀ ਕੇਂਦਰ ਭਰੇ ਹੋਏ ਹਨ ਅਤੇ ਹੁਣ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭਰਿਆ ਜਾ ਰਿਹਾ ਹੈ। ਅਮਰੀਕੀ ਮੀਡੀਆ ਅਨੁਸਾਰ, ਪ੍ਰਵਾਸੀਆਂ ਨੂੰ ਹੁਣ ਖਤਰਨਾਕ ਅਪਰਾਧੀਆਂ ਨਾਲ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ।
ਹਿਰਾਸਤ ਕੇਂਦਰ ਵਿੱਚ 41 ਹਜ਼ਾਰ ਲੋਕਾਂ ਨੂੰ ਰੱਖਣ ਦੀ ਸਮਰੱਥਾ
ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਹਿਰਾਸਤ ਕੇਂਦਰ ਵਿੱਚ 41,000 ਪ੍ਰਵਾਸੀਆਂ ਨੂੰ ਰੱਖਣ ਦੀ ਸਮਰੱਥਾ ਹੈ। ਜੋ ਕਿ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਇਨ੍ਹਾਂ ਕੇਂਦਰਾਂ ਵਿੱਚ 2 ਹਜ਼ਾਰ ਭਾਰਤੀ ਵੀ ਹਨ। ਇੱਕ ਰਿਪੋਰਟ ਅਨੁਸਾਰ, ਹਰ ਰੋਜ਼ 1200 ਗੈਰ-ਕਾਨੂੰਨੀ ਰਹਿ ਰਹੇ ਪ੍ਰਵਾਸੀ ਫੜੇ ਜਾ ਰਹੇ ਹਨ।
ਠੰਡੇ ਫਰਸ਼ 'ਤੇ ਸੌਣ ਲਈ ਮਜਬੂਰ
ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਅਨੁਸਾਰ, ਜੇਲ੍ਹਾਂ ਵਿੱਚ ਹਾਲਾਤ ਭਿਆਨਕ ਹਨ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਮੇਂ ਸਿਰ ਖਾਣਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੂੰ ਵੰਡਿਆ ਗਿਆ ਖਾਣਾ ਬਾਸੀ ਅਤੇ ਬਦਬੂਦਾਰ ਹੈ। ਗੈਰ-ਕਾਨੂੰਨੀ ਪ੍ਰਵਾਸੀ ਸਰਦੀਆਂ ਵਿੱਚ ਠੰਡੇ ਫਰਸ਼ਾਂ 'ਤੇ ਸੌਣ ਲਈ ਮਜਬੂਰ ਹਨ। ਉਨ੍ਹਾਂ ਨੂੰ ਜੇਲ੍ਹ ਦੇ ਸਭ ਤੋਂ ਖਰਾਬ ਸੈੱਲਾਂ ਵਿੱਚ ਭਰਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦਿਨ ਭਰ ਵਿੱਚ ਸਿਰਫ਼ ਅੱਧੇ ਘੰਟੇ ਲਈ ਸੈੱਲ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ।