ਦੋ ਪੰਜਾਬੀ ਖਿਡਾਰੀ ਹਰਕੀਰਤ ਬਾਜਵਾ ਤੇ ਹਰਜਸ ਸਿੰਘ ਨੂੰ ਆਸਟਰੇਲੀਆ ਦੀ ਅੰਡਰ-19 ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੱਖਣੀ ਅਫਰੀਕਾ 'ਚ ਖੇਡਿਆ ਜਾਣ ਵਾਲਾ ਵਿਸ਼ਵ ਕੱਪ ਅਗਲੇ ਸਾਲ 19 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਦਾ ਫਾਈਨਲ 11 ਫਰਵਰੀ ਨੂੰ ਬੇਨੋਨੀ 'ਚ ਖੇਡਿਆ ਜਾਵੇਗਾ।
ਆਫ ਸਪਿਨਰ ਹੈ ਹਰਕੀਰਤ
ਹਰਕੀਰਤ ਸਿੰਘ ਨੇ 7 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਹਰਕੀਰਤ ਨੇ ਆਸਟ੍ਰੇਲੀਆ ਦੀ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਡਰ-19 ਵਿਸ਼ਵ ਕੱਪ ਟੀਮ 'ਚ ਆਪਣੀ ਜਗ੍ਹਾ ਬਣਾ ਲਈ ਹੈ। ਹਰਕੀਰਤ ਸਿੰਘ ਦਾ ਪਰਿਵਾਰ ਪੰਜਾਬ ਤੋਂ ਮੈਲਬੌਰਨ ਸ਼ਿਫਟ ਹੋ ਗਿਆ ਸੀ।
ਖੱਬੇ ਹੱਥ ਦਾ ਬੱਲੇਬਾਜ਼ ਹੈ ਹਰਜਸ
ਜੇਕਰ ਹਰਜਸ ਸਿੰਘ ਦੀ ਗੱਲ ਕਰੀਏ ਤਾਂ ਉਹ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਹਰਜਸ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਰੇਵੇਸਬੀ ਵਰਕਰਜ਼ ਕ੍ਰਿਕਟ ਕਲੱਬ ਨਾਲ ਕੀਤੀ। ਹੌਲੀ-ਹੌਲੀ ਉਸ ਨੇ ਕਲੱਬ ਵਿਚ ਆਪਣਾ ਨਾਂ ਬਣਾ ਲਿਆ ਅਤੇ ਚੋਣਕਾਰਾਂ ਨੇ ਉਸ ਨੂੰ ਆਸਟਰੇਲੀਆ ਦੇ ਵਿਸ਼ਵ ਕੱਪ ਵਿਚ ਜਗ੍ਹਾ ਦਿੱਤੀ।
ਇਹ ਪੰਜਾਬੀ ਨੌਜਵਾਨ ਖਿਡਾਰੀ ਆਸਟ੍ਰੇਲੀਆ ਲਈ ਵੀ ਖੇਡ ਚੁੱਕੇ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬੀ ਖਿਡਾਰੀਆਂ ਨੇ ਆਸਟਰੇਲੀਆਈ ਟੀਮ ਵਿੱਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਗੁਰਿੰਦਰ ਸੰਧੂ, ਜੇਸਨ ਸੰਘਾ ਅਤੇ ਜਲੰਧਰ ਵਾਸੀ ਤਨਵੀਰ ਸੰਘਾ ਆਸਟ੍ਰੇਲੀਆ ਦੀ ਟੀਮ ਲਈ ਖੇਡ ਚੁੱਕੇ ਹਨ।