ਨੇਪਾਲ 'ਚ ਜ਼ਮੀਨ ਖਿਸਕਣ ਕਾਰਨ 2 ਬੱਸਾਂ ਤ੍ਰਿਸ਼ੂਲੀ ਨਦੀ 'ਚ ਡਿੱਗ ਗਈਆਂ। ਦੋਵਾਂ ਬੱਸਾਂ ਵਿੱਚ ਡਰਾਈਵਰ ਸਮੇਤ 63 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 7 ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ 50 ਤੋਂ ਵੱਧ ਲੋਕ ਨਦੀ 'ਚ ਰੁੜ੍ਹ ਜਾਣ ਕਾਰਨ ਲਾਪਤਾ ਹੋ ਗਏ ਹਨ ਅਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਵੇਰੇ ਕਰੀਬ 4 ਵਜੇ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨੇਪਾਲ ਦੇ ਮਦਨ-ਆਸ਼ੀਰ ਹਾਈਵੇਅ 'ਤੇ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। ਹਾਦਸੇ ਦੌਰਾਨ ਦੋ ਵਿਅਕਤੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਚ ਕਾਮਯਾਬ ਰਹੇ । ਫਿਲਹਾਲ ਭਾਰੀ ਮੀਂਹ ਦੇ ਵਿਚਕਾਰ ਬਚਾਅ ਦਲ ਸਰਚ ਆਪਰੇਸ਼ਨ 'ਚ ਜੁਟੀ ਹੋਈ ਹੈ।
ਗੋਤਾਖੋਰਾਂ ਨੂੰ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਸਾਹਮਣਾ
ਬਚਾਅ ਟੀਮ ਨੂੰ ਤਲਾਸ਼ੀ ਮੁਹਿੰਮ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਭਾਰੀ ਬਰਸਾਤ ਦੌਰਾਨ ਲੋਕਾਂ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ। ਤ੍ਰਿਸ਼ੂਲੀ ਨਦੀ ਵਿੱਚ ਵੀ ਉਛਾਲ ਹੈ, ਜਿਸ ਕਾਰਨ ਗੋਤਾਖੋਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਇਸ ਹਾਦਸੇ 'ਤੇ ਜਤਾਇਆ ਦੁਖ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਨਾਰਾਇਣਗੜ੍ਹ-ਮੁਗਲਿਨ ਰੋਡ ਸਟੇਸ਼ਨ 'ਤੇ ਜ਼ਮੀਨ ਖਿਸਕਣ ਕਾਰਨ ਬੱਸ ਦੇ ਰੁੜ੍ਹ ਜਾਣ ਕਾਰਨ 5 ਦਰਜਨ ਦੇ ਕਰੀਬ ਯਾਤਰੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਨਿਰਦੇਸ਼ ਦਿੰਦਾ ਹਾਂ।