ਦਿੱਲੀ ਦੇ ਓਲਡ ਰਾਜੇਂਦਰ ਨਗਰ ਵਿੱਚ ਰਾਉ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਅਚਾਨਕ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਜਦਕਿ NDRF ਦੀ ਮਦਦ ਨਾਲ ਬਾਕੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਇਬ੍ਰੇਰੀ ਵਿੱਚ 30 ਦੇ ਕਰੀਬ ਵਿਦਿਆਰਥੀ ਸਨ।
ਬਾਹਰ ਨਿਕਲਣ ਦਾ ਇੱਕ ਹੀ ਰਸਤਾ ਸੀ
ਮੀਡੀਆ ਰਿਪੋਰਟਾਂ ਮੁਤਾਬਕ ਲਾਇਬ੍ਰੇਰੀ ਸ਼ਾਮ 7 ਵਜੇ ਬੰਦ ਹੋ ਰਹੀ ਸੀ। ਲਾਇਬ੍ਰੇਰੀ ਬੰਦ ਹੋਣ ਤੋਂ ਬਾਅਦ ਵਿਦਿਆਰਥੀ ਬਾਹਰ ਆ ਰਹੇ ਸਨ ਕਿ ਗੇਟ ਖੋਲ੍ਹਣ ਤੋਂ ਬਾਅਦ ਅਚਾਨਕ ਪਾਣੀ ਬੇਸਮੈਂਟ ਵਿੱਚ ਦਾਖਲ ਹੋ ਗਿਆ। ਜਦੋਂ ਤੱਕ ਵਿਦਿਆਰਥੀਆਂ ਨੇ ਲਾਇਬ੍ਰੇਰੀ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਤੱਕ ਪਾਣੀ ਗੋਡੇ-ਗੋਡੇ ਹੋ ਚੁੱਕਾ ਸੀ।
2-3 ਮਿੰਟਾਂ ਵਿੱਚ ਹੀ ਸਾਰੀ ਬੇਸਮੈਂਟ ਪਾਣੀ ਨਾਲ ਭਰ ਗਈ
ਇਕ ਵਿਦਿਆਰਥੀ ਨੇ ਦੱਸਿਆ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪੌੜੀਆਂ ਚੜ੍ਹਨਾ ਮੁਸ਼ਕਲ ਸੀ। ਸਿਰਫ਼ 2-3 ਮਿੰਟਾਂ ਵਿੱਚ ਹੀ ਪੂਰੀ ਬੇਸਮੈਂਟ 10-12 ਫੁੱਟ ਪਾਣੀ ਨਾਲ ਭਰ ਗਈ। ਬੱਚੇ ਬੈਂਚਾਂ 'ਤੇ ਖੜ੍ਹੇ ਸਨ। ਬੱਚਿਆਂ ਨੂੰ ਬਚਾਉਣ ਲਈ ਰੱਸੇ ਸੁੱਟੇ ਗਏ ਪਰ ਪਾਣੀ ਗੰਦਾ ਸੀ, ਇਸ ਲਈ ਰੱਸੇ ਨਜ਼ਰ ਨਹੀਂ ਆ ਰਹੇ ਸਨ।
ਮਾਮਲਾ ਦਰਜ
ਪੁਲਸ ਨੇ ਦੇਰ ਰਾਤ ਵਾਪਰੀ ਇਸ ਘਟਨਾ ਸਬੰਧੀ ਮੁਕੱਦਮਾ ਦਰਜ ਕਰ ਲਿਆ ਹੈ। ਬੀਐਨਐਸ ਦੀ ਧਾਰਾ 105, 106(1), 152, 290 ਅਤੇ 35 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੁਝ ਸਬੂਤ ਇਕੱਠੇ ਕੀਤੇ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਦੇ ਸਿੱਖਿਆ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ
ਓਲਡ ਰਾਜੇਂਦਰ ਨਗਰ ਦੇ ਡੀਸੀਪੀ ਐਮ ਹਰਸ਼ਵਰਧਨ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੰਪਾਂ ਦੀ ਮਦਦ ਨਾਲ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ 24 ਘੰਟਿਆਂ ਵਿੱਚ ਹਾਦਸੇ ਦੀ ਰਿਪੋਰਟ ਮੰਗੀ ਹੈ।