ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਵੇਰ ਤੋਂ ਹੀ ਸੂਬੇ 'ਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਣ ਪੰਜਾਬ 'ਚ ਹਾਲਤ ਹੋਰ ਵੀ ਵਿਗੜਦੇ ਜਾ ਰਹੇ ਹਨ। 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਹਨ। ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਗੁਰਦਾਸਪੁਰ ਦੇ ਘੋਨੇਵਾਲੇ ਵਿੱਚ ਧੁੱਸੀ ਬੰਨ੍ਹ ਟੁੱਟ ਗਿਆ। ਇਸ ਕਾਰਨ ਪਾਣੀ ਲਗਭਗ 15 ਕਿਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ। ਇਸ ਹੜ੍ਹ ਕਾਰਨ 80 ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਹੁਣ ਤੱਕ ਕੁੱਲ 1018 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਘਰਾਂ ਤੋਂ ਲੈ ਕੇ ਫਸਲਾਂ ਤੱਕ ਹਰ ਚੀਜ਼ ਨੂੰ ਭਾਰੀ ਨੁਕਸਾਨ ਹੋਇਆ ਹੈ। ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਹੜ੍ਹਾਂ ਦੀ ਲਪੇਟ ਵਿੱਚ ਹਨ। ਚਾਰ ਜ਼ਿਲ੍ਹਿਆਂ ਵਿੱਚ NDRF ਦੀਆਂ 11 ਟੀਮਾਂ ਅਤੇ ਫੌਜ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ।
ਹਿਮਾਚਲ ਵਿੱਚ ਮੀਂਹ ਕਾਰਨ ਬਿਆਸ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ। ਡੀਸੀ ਕਪੂਰਥਲਾ ਨੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਅੰਮ੍ਰਿਤਸਰ ਵਿੱਚ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭੋਜਨ ਸਮੱਗਰੀ, ਸਾਫ਼ ਪਾਣੀ ਅਤੇ ਮੈਡੀਕਲ ਕੈਂਪ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਮੰਤਰੀ ਹਰਭਜਨ ਸਿੰਘ ਈਟੀਓ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣਗੇ ਅਤੇ ਜਾਨਵਰਾਂ ਲਈ ਦਵਾਈਆਂ ਅਤੇ ਚਾਰਾ ਮੁਹੱਈਆ ਕਰਵਾਉਣਗੇ।