ਦਿੱਲੀ ਤੋਂ ਇੰਦੌਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦੀ ਖ਼ਬਰ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿੱਚ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਵਾਪਸ ਉਤਾਰਿਆ ਗਿਆ। ਇਸ ਸਮੇਂ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਇੰਦੌਰ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ, ਪਾਇਲਟ ਨੂੰ ਖ਼ਤਰਾ ਲੱਗਿਆ। ਜਿਸ ਤੋਂ ਬਾਅਦ ਕਾਕਪਿਟ ਕਰੂ ਨੂੰ ਸੱਜੇ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਮਿਲਿਆ, ਜਿਸ ਕਾਰਨ ਐਮਰਜੈਂਸੀ ਘੋਸ਼ਿਤ ਕੀਤੀ ਗਈ।
ਪਾਇਲਟ ਨੇ ਤੁਰੰਤ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ ਅਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਜਹਾਜ਼ ਨੂੰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਫਿਲਹਾਲ, ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 31 ਅਗਸਤ ਨੂੰ ਦਿੱਲੀ ਤੋਂ ਇੰਦੌਰ ਲਈ ਉਡਾਣ ਭਰਨ ਵਾਲੀ ਫਲਾਈਟ AI2913 ਨੂੰ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਮਿਲਣ ਤੋਂ ਬਾਅਦ ਵਾਪਸ ਜਾਣਾ ਪਿਆ। ਮਿਆਰੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ, ਕਾਕਪਿਟ ਕਰੂ ਨੇ ਇੰਜਣ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ। ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ ਅਤੇ ਯਾਤਰੀਆਂ ਨੂੰ ਜਲਦੀ ਹੀ ਕਿਸੇ ਹੋਰ ਜਹਾਜ਼ ਰਾਹੀਂ ਇੰਦੌਰ ਭੇਜਿਆ ਜਾਵੇਗਾ।