ਖ਼ਬਰਿਸਤਾਨ ਨੈੱਟਵਰਕ- ਜਲੰਧਰ ਵਿਚ ਅੱਜ ਕਾਫੀ ਮੀਂਹ ਪਿਆ, ਜਿਸ ਨਾਲ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਉਥੇ ਹੀ ਪੰਜਾਬ ਦੇ ਕੁਝ ਜ਼ਿਲਿਆਂ ਦੇ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸੇ ਦੌਰਾਨ ਆਉਣ ਵਾਲੇ 3 ਘੰਟੇ ਜਲੰਧਰ ਸਮੇਤ ਪੰਜਾਬ ਵਿੱਚ ਬਹੁਤ ਭਾਰੀ ਹੋਣ ਵਾਲੇ ਹਨ। ਇਸ ਸਬੰਧੀ ਮੌਸਮ ਵਿਭਾਗ ਨੇ ਲੋਕਾਂ ਦੇ ਫ਼ੋਨਾਂ 'ਤੇ ਇੱਕ ਅਲਰਟ ਸੁਨੇਹਾ ਵੀ ਭੇਜਿਆ ਹੈ। ਇਨ੍ਹਾਂ ਤਿੰਨ ਘੰਟਿਆਂ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ ਲੋਕਾਂ ਨੂੰ ਸੁਨੇਹੇ ਭੇਜ ਕੇ ਸੁਚੇਤ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਘੰਟਿਆਂ ਵਿੱਚ ਜਲੰਧਰ, ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਤਰਨਤਾਰਨ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮਲੇਰਕੋਟਲਾ, ਪਟਿਆਲਾ, ਸੰਗਰੂਰ ਵਿੱਚ ਬਿਜਲੀ ਡਿੱਗਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਵਿੱਚ ਪਹਿਲਾਂ ਹੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਗੁਰਦਾਸਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਤਵਾਰ ਅਤੇ ਸੋਮਵਾਰ ਲਈ ਕੁਝ ਇਲਾਕਿਆਂ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੇਕਰ ਡੈਮ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸਦਾ ਪ੍ਰਭਾਵ ਪੰਜਾਬ ਦੇ ਦਰਿਆਵਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ।