ਪੰਜਾਬ ‘ਚ ਮੌਸਮ ਨੇ ਲਈ ਕਰਵਟ, ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

Monsoon to reactivate in Punjab-Chandigarh, rain likely in 19 districts

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਦੌਰ ਬਾਰਿਸ਼ ਜਾਂ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ।

ਬਾਰਿਸ਼ ਕਾਰਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਵਿੱਚ ਸਭ ਤੋਂ ਵੱਧ 36 ਡਿਗਰੀ ਸੈਲਸੀਅਸ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ।

ਹੁਸ਼ਿਆਰਪੁਰ ‘ਚ ਸਭ ਤੋਂ ਵੱਧ 18 MM ਮੀਂਹ

ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਵੀਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 18 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਲੁਧਿਆਣਾ ਵਿੱਚ 11.5 MM, ਫਤਿਹਗੜ੍ਹ ਸਾਹਿਬ ਵਿੱਚ 11 MM, ਚੰਡੀਗੜ੍ਹ ਵਿੱਚ 10.7 MM, ਲੁਧਿਆਣਾ ਸ਼ਹਿਰ ਵਿੱਚ 5.4 MM, ਭਾਖੜਾ ਡੈਮ ਇਲਾਕੇ ਵਿੱਚ 5 MM, ਸ੍ਰੀ ਆਨੰਦਪੁਰ ਸਾਹਿਬ ਵਿੱਚ 0.5 MM ਅਤੇ ਪਟਿਆਲਾ ਵਿੱਚ 0.4 MM ਮੀਂਹ ਦਰਜ ਕੀਤਾ ਗਿਆ।

ਹਾਲਾਂਕਿ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਸੰਗਰੂਰ ਅਤੇ ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ਵਿੱਚ ਇਸ ਸਮੇਂ ਦੌਰਾਨ ਮੀਂਹ ਦਰਜ ਨਹੀਂ ਹੋਇਆ।

ਅਗਲੇ 7 ਦਿਨ ਬਦਲਿਆ ਰਹੇਗਾ ਮੌਸਮ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਇਸ ਸਮੇਂ ਮਾਨਸੂਨ ਟਰੱਫ ਫਿਰੋਜ਼ਪੁਰ ਤੋਂ ਲੰਘ ਰਹੀ ਹੈ, ਜਦਕਿ ਉੱਤਰ-ਪੱਛਮੀ ਭਾਰਤ ਵਿੱਚ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੈ।

ਇਨ੍ਹਾਂ ਦੋਵੇਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਅਗਲੇ 7 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਬਦਲਿਆ ਰਹਿਣ ਦੀ ਸੰਭਾਵਨਾ ਹੈ। ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ ਕੁਝ ਥਾਵਾਂ ‘ਤੇ ਗਰਜ-ਚਮਕ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ।

ਮਾਨਸੂਨ ਸੀਜ਼ਨ ‘ਚ 30% ਘੱਟ ਮੀਂਹ

ਪੰਜਾਬ ਵਿੱਚ ਇਸ ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ ਆਮ ਨਾਲੋਂ 30 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਵੱਡਾ ਵਾਧਾ ਨਾ ਹੋਣ ਅਤੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *