ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਆਉਣ ਵਾਲੇ 2 ਤੋਂ 3 ਦਿਨਾਂ ਦੌਰਾਨ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਤਰਨਤਾਰਨ, ਫ਼ਰੀਦਕੋਟ, ਬਰਨਾਲਾ ਅਤੇ ਸੰਗਰੂਰ ਸਮੇਤ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਅਤੇ ਸਰਗਰਮ ਮਾਨਸੂਨ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਧਣਗੀਆਂ। ਹਰਿਆਣਾ ਦੇ ਵੀ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਚੌਕਸੀ ਜਾਰੀ ਕੀਤੀ ਗਈ ਹੈ।ਇਸ ਦੌਰਾਨ ਲੋਕਾਂ ਨੂੰ ਬਦਲਦੇ ਮੌਸਮ ਨੂੰ ਦੇਖਦਿਆਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਹਾਲਾਂਕਿ 2 ਤੋਂ 3 ਦਿਨਾਂ ਬਾਅਦ ਮੌਸਮ ਮੁੜ ਖੁਸ਼ਕ ਹੋਣ ਦੀ ਸੰਭਾਵਨਾ ਹੈ। ਮੀਂਹ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਤਾਪਮਾਨ ਵਿੱਚ ਕੁਝ ਵਾਧਾ ਹੋ ਸਕਦਾ ਹੈ ਅਤੇ ਹੁਮਸ ਵੀ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸਤੰਬਰ ਮਹੀਨੇ ਦੌਰਾਨ ਮੌਸਮ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਹੈ। ਫਿਲਹਾਲ ਅਗਲੇ 2 ਤੋਂ 3 ਦਿਨ ਪੰਜਾਬ ਅਤੇ ਹਰਿਆਣਾ ਲਈ ਅਹਿਮ ਰਹਿਣ ਵਾਲੇ ਹਨ।









