ਮੋਗਾ ਵਿੱਚ ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਥਾਣਾ ਕੋਟ ਈਸੇ ਖਾਂ ਦੀ ਸਾਬਕਾ SHO ਸੁਨੀਤਾ ਬਾਵਾ ਖ਼ਿਲਾਫ਼ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਸਰਕਾਰ ਵੱਲੋਂ ਸੁਨੀਤਾ ਬਾਵਾ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਵਿਜੀਲੈਂਸ ਦੀ ਟੀਮ ਨੇ ਸੁਨੀਤਾ ਬਾਵਾ ਨੂੰ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਅਦਾਲਤ ’ਚ ਕਿਹਾ ਸੀ – ਨੋ ਇਸ਼ੂ, ਆਲ ਇਜ਼ ਵੈੱਲ’
ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਸੁਨੀਤਾ ਬਾਵਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸੀ, “ਆਲ ਇਜ਼ ਵੈੱਲ, ਕੋਈ ਨਹੀਂ, ਵਾਦੇ ਘਾਟੇ ਚੱਲਦੇ ਰਹਿੰਦੇ ਨੇ, ਨੋ ਇਸ਼ੂ, ਦੇਖਦੇ ਆਂ।” ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਵੀ ਚਰਚਾ ਛਿੜ ਗਈ ਸੀ।
ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼
ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਸੀ ਕਿ ਥਾਣਾ ਕੋਟ ਈਸੇ ਖਾਂ ਵਿੱਚ ਇੱਕ ਕੇਸ ’ਚ ਨਾਮਜ਼ਦ ਕਰਨ ਦਾ ਡਰ ਦਿਖਾ ਕੇ ਹੋਮਗਾਰਡ ਗੁਰ ਅਵਤਾਰ ਸਿੰਘ ਨੇ ਉਸ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ ਵਿੱਚ ਕਥਿਤ ਤੌਰ ’ਤੇ 80 ਹਜ਼ਾਰ ਰੁਪਏ ਲੈਣ ਦੀ ਸਹਿਮਤੀ ਬਣੀ, ਜਿਸ ਵਿੱਚੋਂ 20 ਹਜ਼ਾਰ ਰੁਪਏ ਵੱਖ-ਵੱਖ ਤਰੀਕਾਂ ’ਤੇ ਲਏ ਜਾ ਚੁੱਕੇ ਸਨ।
60 ਹਜ਼ਾਰ ਦੀ ਮੰਗ ਦੀ ਰਿਕਾਰਡਿੰਗ ਸੌਂਪੀ
ਸ਼ਿਕਾਇਤਕਰਤਾ ਮੁਤਾਬਕ, ਬਾਕੀ 60 ਹਜ਼ਾਰ ਰੁਪਏ ਦੀ ਮੰਗ ਸਬੰਧੀ ਗੱਲਬਾਤ ਉਸ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਸੀ। ਇਹ ਰਿਕਾਰਡਿੰਗ ਵਿਜੀਲੈਂਸ ਇੰਸਪੈਕਟਰ ਜਗਨਦੀਪ ਕੌਰ ਨੂੰ ਸੌਂਪੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਵਿਜੀਲੈਂਸ ਨੇ ਲਾਇਆ ਟ੍ਰੈਪ
ਜਾਂਚ ਦੌਰਾਨ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਹੋਮਗਾਰਡ ਗੁਰ ਅਵਤਾਰ ਸਿੰਘ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਰਿਸ਼ਵਤ ਦੀ ਰਕਮ ਵਿੱਚੋਂ 50 ਹਜ਼ਾਰ ਰੁਪਏ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਸੁਨੀਤਾ ਬਾਵਾ ਨੂੰ ਦਿੱਤੇ ਜਾਣੇ ਸਨ।ਇਸ ਤੋਂ ਬਾਅਦ ਵਿਜੀਲੈਂਸ ਨੇ ਸੁਨੀਤਾ ਬਾਵਾ ਨੂੰ ਵੀ ਕਥਿਤ ਤੌਰ ’ਤੇ ਰਿਸ਼ਵਤ ਦੀ ਰਕਮ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।









