ਪੰਜਾਬ ਵਿੱਚ ਮੌਸਮ ਅਜੇ ਵੀ ਖੁਸ਼ਕ ਬਣਿਆ ਹੋਇਆ ਹੈ। ਸੋਮਵਾਰ ਤੋਂ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਰਾਤਾਂ ਠੰਢੀਆਂ ਹੋਣ ਲੱਗੀਆਂ ਹਨ। ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ ਥੋੜ੍ਹਾ ਵੱਧ ਹੈ।ਇਸ ਦੌਰਾਨ ਸੂਬੇ ਵਿੱਚ ਵਧਦਾ ਪ੍ਰਦੂਸ਼ਣ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਦਰਜ ਕੀਤੀ ਜਾ ਰਹੀ ਹੈ।
ਦੀਵਾਲੀ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ
ਮੌਸਮ ਵਿਭਾਗ ਅਨੁਸਾਰ ਦੀਵਾਲੀ ਤੱਕ ਅਤੇ ਇਸ ਤੋਂ ਬਾਅਦ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸੂਬੇ ਵਿੱਚ ਕਿਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਨਹੀਂ ਕੀਤੀ ਗਈ।ਤਾਪਮਾਨ ਵਿੱਚ ਹਲਕੀ ਗਿਰਾਵਟ ਜਾਰੀ ਰਹੇਗੀ ਅਤੇ ਮੌਸਮ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ।
ਖੰਨਾ ਵਿੱਚ ਸਭ ਤੋਂ ਵੱਧ AQI ਦਰਜ
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ। ਖੰਨਾ ਵਿੱਚ ਸਭ ਤੋਂ ਵੱਧ 200 AQI ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਵਧਣ ਕਾਰਨ ਸਾਹ ਦੇ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ।ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਾਹਰ ਨਿਕਲਣ ਸਮੇਂ ਮਾਸਕ ਪਹਿਨਣ ਅਤੇ ਪ੍ਰਦੂਸ਼ਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ।
ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ
ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਘਟਿਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹੋਰ ਸ਼ਹਿਰਾਂ ਵਿੱਚ ਚੰਡੀਗੜ੍ਹ 31 ਡਿਗਰੀ, ਅੰਮ੍ਰਿਤਸਰ 29.1 ਡਿਗਰੀ, ਲੁਧਿਆਣਾ 30.8 ਡਿਗਰੀ, ਪਟਿਆਲਾ 31.2 ਡਿਗਰੀ ਅਤੇ ਬਠਿੰਡਾ 31.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।









