ਗੁਜਰਾਤ ਦੇ ਸੂਰਤ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੋਬਾਈਲ ‘ਤੇ ਗੇਮ ਖੇਡਣ ਤੋਂ ਰੋਕਣ ‘ਤੇ ਇੱਕ ਧੀ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ, ਸੂਰਤ ਦੇ ਕੋਸਾਦ ਇਲਾਕੇ ਵਿੱਚ ਰਹਿਣ ਵਾਲੇ ਰਮੇਸ਼ ਚੌਹਾਨ ਦੀ ਆਪਣੀ ਧੀ ਕਾਜਲ ਨਾਲ ਮੋਬਾਈਲ ‘ਤੇ ਗੇਮ ਖੇਡਣ ਨੂੰ ਲੈ ਕੇ ਬਹਿਸ ਹੋ ਗਈ ਸੀ। ਪਿਤਾ ਨੇ ਧੀ ਨੂੰ ਫ਼ੋਨ ਛੱਡ ਕੇ ਘਰ ਦੇ ਕੰਮਾਂ ਵਿੱਚ ਮਦਦ ਕਰਨ ਲਈ ਕਿਹਾ ਸੀ।ਇਸ ਦੌਰਾਨ ਗੁੱਸੇ ਵਿੱਚ ਆਏ ਪਿਤਾ ਨੇ ਧੀ ਦਾ ਮੋਬਾਈਲ ਫ਼ੋਨ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਟੁੱਟ ਗਿਆ।
ਪ੍ਰੈਸ਼ਰ ਕੁੱਕਰ ਦੇ ਢੱਕਣ ਅਤੇ ਚਾਕੂ ਨਾਲ ਕੀਤਾ ਹਮਲਾ
ਮੋਬਾਈਲ ਫ਼ੋਨ ਟੁੱਟਣ ਤੋਂ ਬਾਅਦ ਕਾਜਲ ਗੁੱਸੇ ਵਿੱਚ ਆ ਗਈ। ਦੋਸ਼ ਹੈ ਕਿ ਉਸ ਨੇ ਰਸੋਈ ਵਿੱਚ ਪਿਆ ਪ੍ਰੈਸ਼ਰ ਕੁੱਕਰ ਦਾ ਢੱਕਣ ਆਪਣੇ ਪਿਤਾ ਦੇ ਸਿਰ ‘ਤੇ ਮਾਰਿਆ ਅਤੇ ਫਿਰ ਚਾਕੂ ਨਾਲ ਕਈ ਵਾਰ ਹਮਲਾ ਕਰ ਦਿੱਤਾ।ਪਿਤਾ ਦੀਆਂ ਚੀਕਾਂ ਸੁਣ ਕੇ ਉਸ ਦੀ ਪਤਨੀ ਮੰਜੂ ਰਸੋਈ ਵਿੱਚ ਪਹੁੰਚੀ। ਉੱਥੇ ਰਮੇਸ਼ ਖੂਨ ਨਾਲ ਲੱਥਪੱਥ ਹਾਲਤ ਵਿੱਚ ਫਰਸ਼ ‘ਤੇ ਪਿਆ ਸੀ।
ਹਸਪਤਾਲ ਵਿੱਚ ਹੋਈ ਮੌਤ, ਧੀ ਗ੍ਰਿਫ਼ਤਾਰ
ਜ਼ਖ਼ਮੀ ਰਮੇਸ਼ ਚੌਹਾਨ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲਿਸ ਨੇ ਮੰਜੂ ਦੀ ਸ਼ਿਕਾਇਤ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਐਤਵਾਰ ਦੇਰ ਰਾਤ ਕਾਜਲ ਨੂੰ ਗ੍ਰਿਫ਼ਤਾਰ ਕਰ ਲਿਆ।









