ਖ਼ਬਰਿਸਤਾਨ ਨੈੱਟਵਰਕ: ਮੋਹਾਲੀ ‘ਚ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਸਕੂਟੀ ਸਵਾਰ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੈਕਟਰ-81 ਚ ਵਾਪਰਿਆ ਹੈ। ਮ੍ਰਿਤਕ ਦੀ ਪਛਾਣ ਖਰੜ ਦੇ ਰਹਿਣ ਵਾਲੇ 25 ਸਾਲਾ ਰੋਹਿਤ ਵਜੋਂ ਹੋਈ।
ਨਿੱਜੀ ਕੰਪਨੀ ‘ਚ ਕੰਮ ਕਰਦਾ ਸੀ ਮ੍ਰਿਤਕ
ਮ੍ਰਿਤਕ ਰੋਹਿਤ ਸੈਕਟਰ-82 ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਰਾਤ ਸਮੇਂ ਜਦੋਂ ਉਹ ਆਪਣੀ ਨਾਈਟ ਡਿਊਟੀ ‘ਤੇ ਜਾ ਰਿਹਾ ਸੀ, ਤਾਂ ਸੈਕਟਰ-81 ਦੇ ਪੈਟਰੋਲ ਪੰਪ ਨੇੜੇ ਸਾਹਮਣੇ ਤੋਂ ਆ ਰਹੀ ਕਾਲੇ ਰੰਗ ਦੀ ਤੇਜ਼ ਰਫ਼ਤਾਰ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੋਹਿਤ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਕਾਫੀ ਖ਼ੂਨ ਵਹਿ ਗਿਆ।
ਪੁਲਿਸ ਦੀ ਕਾਰਵਾਈ
ਰਾਹਗੀਰਾਂ ਨੇ ਰੋਹਿਤ ਨੂੰ ਤੁਰੰਤ ਫੇਜ਼-6 ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਹਾਣਾ ਥਾਣਾ ਪੁਲਿਸ ਨੇ ਥਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਮਰਨਾਥ ਅਨੁਸਾਰ ਪੁਲਿਸ ਕੋਲ ਪੰਜਾਬ ਨੰਬਰ ਦੀ ਥਾਰ ਦਾ ਪੂਰਾ ਵੇਰਵਾ ਹੈ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।