ਚੀਨੀ ਸਮਾਰਟਫੋਨ ਐਪ ‘BAT-BMS’ ਰਾਹੀਂ ਈ-ਰਿਕਸ਼ਿਆਂ ਨੂੰ ਰਿਮੋਟਲੀ ਬੰਦ ਕੀਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਸ਼ੱਕੀ ਐਪਾਂ ਨੂੰ ਐਪ ਸਟੋਰਾਂ ਤੋਂ ਹਟਵਾ ਦਿੱਤਾ ਹੈ।
ਸੂਚਨਾ ਤਕਨਾਲੋਜੀ (ਆਈਟੀ) ਸਕੱਤਰ ਐਸ. ਕ੍ਰਿਸ਼ਨਨ ਨੇ ਦੱਸਿਆ ਕਿ ਸਰਕਾਰ ਨੂੰ ਦੋ ਅਜਿਹੀਆਂ ਐਪਾਂ ਬਾਰੇ ਜਾਣਕਾਰੀ ਮਿਲੀ ਸੀ, ਜਿਨ੍ਹਾਂ ਨੂੰ ਤੁਰੰਤ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਪ ਸਟੋਰਾਂ ਨੂੰ ਵੀ ਅਜਿਹੀਆਂ ਐਪਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਭਾਰਤੀ ਉਦਯੋਗ ਸੰਘ (CII) ਦੀ ਸਾਈਬਰ ਸੁਰੱਖਿਆ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਐਪ ਸਟੋਰਾਂ ਦੇ ਸਾਹਮਣੇ ਵੀ ਉਠਾਏਗੀ, ਤਾਂ ਜੋ ਭਵਿੱਖ ਵਿੱਚ ਸੰਭਾਵਿਤ ਤੌਰ ‘ਤੇ ਖ਼ਤਰਨਾਕ ਐਪਾਂ ਲੋਕਾਂ ਲਈ ਉਪਲਬਧ ਨਾ ਹੋਣ।
ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਰਿਪੋਰਟਾਂ ਸਾਹਮਣੇ ਆਈਆਂ ਕਿ ਕੁਝ ਈ-ਰਿਕਸ਼ਿਆਂ ਨੂੰ ਚੀਨੀ ਐਪ ‘BAT-BMS’ ਦੀ ‘ਰਿਮੋਟ ਸ਼ਟਡਾਊਨ’ ਵਿਸ਼ੇਸ਼ਤਾ ਰਾਹੀਂ ਬੰਦ ਕੀਤਾ ਗਿਆ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ, ਜਿਸ ਤੋਂ ਬਾਅਦ ਇੰਟਰਨੈੱਟ ਨਾਲ ਜੁੜੇ ਵਾਹਨਾਂ ਦੀ ਸਾਈਬਰ ਸੁਰੱਖਿਆ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ।
ਫਿਲਹਾਲ ਸਰਕਾਰ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਸੁਰੱਖਿਆ ਖਾਮੀਆਂ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ।