ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਬਦਲਾਪੁਰ MIDC ਕੈਮੀਕਲ ਫੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਵੀਰਵਾਰ ਸਵੇਰੇ ਹੋਏ ਇਸ ਲੜੀਵਾਰ ਧਮਾਕਿਆਂ ਦੇ ਬਾਰੇ 'ਚ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਕਰਮਚਾਰੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 4.30 ਵਜੇ ਇੱਕ ਇੰਡਸਟਰੀਅਲ ਖੇਤਰ ਵਿੱਚ ਵਾਪਰੀ।
ਅਜੇ ਤੱਕ ਨਹੀਂ ਹੋ ਸਕੀ ਲਾਸ਼ ਦੀ ਪਛਾਣ
ਫਾਇਰ ਟੈਂਡਰ ਟੀਮ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਇਕ ਕਿਲੋਮੀਟਰ ਤੱਕ ਸੁਣਾਈ ਦਿੱਤੀ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਫੈਕਟਰੀ ਮੁਲਾਜ਼ਮ ਦੀ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਫੈਕਟਰੀ ਮਾਲਕ, ਬਚਾਅ ਦਲ ਅਤੇ ਅੱਗ ਬੁਝਾਊ ਵਿਭਾਗ ਮੁਤਾਬਕ ਧਮਾਕੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।