ਅਮਰੀਕਾ ਜਾ ਰਹੇ ਇਕ ਪੰਜਾਬੀ ਨੌਜਵਾਨ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ, ਜੋ ਕਿ ਰਮਦਾਸ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।
ਦਿਲ ਦਾ ਦੌਰਾ ਪੈਣ ਕਾਰਣ ਗਈ ਜਾਨ
ਗੁਰਪ੍ਰੀਤ ਦੀ ਮੌਤ ਗੁਆਟੇਮਾਲਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ। ਮ੍ਰਿਤਕ 6 ਭੈਣਾਂ ਦਾ ਇਕਲੌਤਾ ਭਰਾ ਸੀ।
6 ਸਾਲ ਪਹਿਲਾਂ ਵਰਕ ਪਰਮਿਟ 'ਤੇ ਗਿਆ ਸੀ ਇੰਗਲੈਂਡ
ਗੁਰਪ੍ਰੀਤ 6 ਸਾਲ ਪਹਿਲਾਂ ਵਰਕ ਪਰਮਿਟ 'ਤੇ ਇੰਗਲੈਂਡ ਗਿਆ ਸੀ। ਜਿੱਥੋਂ ਉਹ ਵਾਪਸ ਆ ਗਿਆ ਸੀ। ਵਾਪਸ ਆਉਣ ਤੋਂ ਬਾਅਦ, ਉਹ ਸਿਰਫ਼ 3 ਮਹੀਨੇ ਪਹਿਲਾਂ ਇੱਕ ਏਜੰਟ ਦੇ ਸੰਪਰਕ ਵਿੱਚ ਆਇਆ, ਜਿਸ ਰਾਹੀਂ ਉਹ ਅਮਰੀਕਾ ਲਈ ਰਵਾਨਾ ਹੋ ਗਿਆ ਪਰ ਅਮਰੀਕਾ ਜਾਂਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਘਟਨਾ ਦਾ ਪਤਾ ਲੱਗਦੇ ਹੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੀੜਤ ਪਰਿਵਾਰ ਦੇ ਘਰ ਪਹੁੰਚੇ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਗੋਪੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰਨਗੇ ਅਤੇ ਇਸ ਲਈ ਉਹ ਦੂਤਾਵਾਸ ਨਾਲ ਸੰਪਰਕ ਕਰਨਗੇ ਤਾਂ ਜੋ ਨੌਜਵਾਨ ਦਾ ਅੰਤਿਮ ਸੰਸਕਾਰ ਭਾਰਤ ਵਿਚ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।
ਅਮਰੀਕਾ 104 ਭਾਰਤੀਆਂ ਨੂੰ ਕਰ ਚੁੱਕਾ ਡਿਪੋਰਟ
4 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਹ ਸਾਰੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ, ਜਿਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਪ੍ਰਵਾਸੀਆਂ ਨੂੰ ਹੱਥਕੜੀਆਂ ਅਤੇ ਜੰਜ਼ੀਰਾਂ ਲਾ ਕੇ ਫੌਜੀ ਜਹਾਜ਼ ਵਿੱਚ ਭਾਰਤ ਵਾਪਸ ਭੇਜ ਦਿੱਤਾ ਸੀ।