ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਰਹੇ ਸ਼ਰਧਾਲੂਆਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜੋ ਕਿ ਬੀਤੀ ਰਾਤ ਸ਼ਨੀਵਾਰ ਨੂੰ ਵਾਪਰਿਆ। ਹਾਦਸਾ ਬੱਸ ਦੇ ਖੱਡ ਵਿੱਚ ਡਿੱਗਣ ਨਾਲ ਵਾਪਰਿਆ।
ਡਰਾਈਵਰ ਦੀ ਮੌਕੇ ਉਤੇ ਮੌਤ
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬੱਸ ਵਿੱਚ ਸਵਾਰ 17 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜੀਐਮਸੀ ਲਿਜਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬੱਸ ਉਤਰਾਖੰਡ ਦੀ ਸੀ
ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਬੱਸ ਉਤਰਾਖੰਡ ਦੀ ਹੈ। ਜਾਣਕਾਰੀ ਅਨੁਸਾਰ ਡਰਾਈਵਰ ਦਾ ਨਾਮ ਰਾਕੇਸ਼ ਹੈ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਹੈ ਅਤੇ 22 ਸਾਲਾਂ ਤੋਂ ਬੱਸ ਚਲਾ ਰਿਹਾ ਹੈ। ਇਹ ਹਾਦਸਾ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਵਾਪਰਿਆ। ਹਾਦਸੇ ਵਾਲੀ ਥਾਂ 'ਤੇ ਸੰਘਣੇ ਹਨੇਰੇ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰੁੱਖਾਂ ਕਾਰਨ ਵੱਡਾ ਹਾਦਸਾ ਟਲ ਗਿਆ
ਬੱਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ, ਜਿਸ ਕਾਰਨ ਉਹ ਇਸ ਅਚਾਨਕ ਹਾਦਸੇ ਤੋਂ ਬੁਰੀ ਤਰ੍ਹਾਂ ਡਰ ਗਏ। ਹਾਦਸੇ ਦਾ ਸ਼ਿਕਾਰ ਹੋਈ ਬੱਸ, ਰਾਮ ਨਗਰ ਦੇ ਮੋੜਾਂ ਤੋਂ ਲੰਘਦੀ ਹੋਈ, ਮਾਂਡਾ ਚੈੱਕ ਪੋਸਟ ਤੋਂ ਲਗਭਗ ਦੋ ਕਿਲੋਮੀਟਰ ਪਹਿਲਾਂ ਇੱਕ ਤਿੱਖੇ ਮੋੜ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸੜਕ ਤੋਂ ਉਤਰ ਗਈ ਅਤੇ ਸਿੱਧੀ ਖਾਈ ਵਿੱਚ ਡਿੱਗ ਪਈ, ਪਰ ਲਗਭਗ 30 ਫੁੱਟ ਹੇਠਾਂ ਜਾਣ ਤੋਂ ਬਾਅਦ, ਇਹ ਕੁਝ ਦਰੱਖਤਾਂ ਉਤੇ ਅਟਕ ਗਈ ਅਤੇ ਉੱਥੇ ਹੀ ਫਸ ਗਈ। ਜੇਕਰ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਕਈ ਯਾਤਰੀਆਂ ਦੀ ਜਾਨ ਜਾ ਸਕਦੀ ਸੀ।