ਖਬਰਿਸਤਾਨ ਨੈੱਟਵਰਕ- ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਨੇ ਕੰਮ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਥੇ ਦੱਸ ਦੇਈਏ ਕਿ ਕੰਮ ਦੀ ਭਾਲ ਵਿਚ ਵਿਦੇਸ਼ਾਂ ਨੂੰ ਗਏ ਪੰਜਾਬੀ ਨੌਜਵਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਚੰਗੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਪਹੁੰਚੇ ਫਰੀਦਕੋਟ ਦੇ ਪੰਜਾਬੀ ਨੌਜਵਾਨ ਨੇ ਵੀ ਕੰਮ ਨਾ ਮਿਲਣ ਕਰਕੇ ਘਰ ਦੇ ਗਿਰਾਜ਼ ਵਿਚ ਹੀ ਫਾਹਾ ਲੈ ਲਿਆ।
ਫਰੀਦਕੋਟ ਦੇ ਪਿੰਡ ਪੱਕੇ ਦਾ ਰਹਿਣ ਵਾਲਾ ਸੀ ਅਕਾਸ਼ਦੀਪ
ਮ੍ਰਿਤਕ ਦੀ ਪਹਿਚਾਣ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਪੱਕੇ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਅਕਾਸ਼ਦੀਪ ਸਿੰਘ ਸਟੂਡੈਂਟ ਵੀਜ਼ੇ ’ਤੇ 2023 ’ਚ ਕੈਨੇਡਾ ਪਹੁੰਚਿਆ ਸੀ। ਪਿਛਲੇ 3 ਮਹੀਨਿਆਂ ਦੌਰਾਨ ਉਹ ਕੰਮ ਦੀ ਭਾਲ ’ਚ ਕੈਲਗਰੀ ਵਿਖੇ ਰਹਿ ਰਿਹਾ ਸੀ ਅਤੇ ਕੰਮ ਨਾ ਮਿਲਣ ਕਾਰਣ ਅਕਾਸ਼ਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਹੌਲ ਹੈ।