ਖਬਰਿਸਤਾਨ ਨੈੱਟਵਰਕ - ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਭਾਜਪਾ ਵਿਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਸਵੇਰੇ ਹੀ ਪੰਜਾਬ ਵਿਜੀਲੈਂਸ ਦੀਆਂ ਟੀਮਾਂ ਪਹੁੰਚ ਗਈਆਂ। ਪੰਜਾਬ ਵਿਜੀਲੈਂਸ ਦੇ ਅਧਿਕਾਰੀ ਚੰਡੀਗੜ੍ਹ ਸੈਕਟਰ 2 ਸਥਿਤ ਉਨ੍ਹਾਂ ਦੇ ਘਰ ਦੇ ਅੰਦਰ ਮੌਜੂਦ ਹਨ। ਹਰਿਆਣਾ ਦੇ ਮੁੱਖ ਮੰਤਰੀ ਨੇ ਗਿੱਲ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਸੀ।
ਰਣਜੀਤ ਸਿੰਘ ਨੇ 2017 ਵਿੱਚ ਪਹਿਲੀ ਵਾਰ ਚੋਣ ਲੜੀ ਸੀ
ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਗਿੱਲ ਮੂਲ ਰੂਪ ਵਿੱਚ ਰੋਪੜ ਦੇ ਰਹਿਣ ਵਾਲੇ ਹਨ। ਉਹ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਅਤੇ ਆਪਣੇ ਪਿੰਡ ਦੇ ਸਰਪੰਚ ਵੀ ਰਹੇ ਹਨ। 2017 ਵਿੱਚ, ਉਨ੍ਹਾਂ ਨੇ ਪਹਿਲੀ ਵਾਰ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗਿੱਲ ਨੇ ਪਿਛਲੇ ਦਿਨੀਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਭੇਜਿਆ ਸੀ ਅਤੇ ਕਈ ਸਵਾਲ ਚੁੱਕੇ ਸਨ। ਉੱਥੇ ਹੀ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਵੀ ਸ਼ਾਮਿਲ ਹੋਣ ਦੇ ਚਰਚੇ ਚੱਲ ਰਹੇ ਸਨ, ਪਰ ਉਹ ਬੀਤੇ ਦਿਨ ਅਚਾਨਕ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ।
ਗਾਇਕ ਅਨਮੋਲ ਗਗਨ ਮਾਨ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ
ਜਿਸ ਤੋਂ ਬਾਅਦ ਸਾਲ 2022 ਵਿੱਚ, ਉਨ੍ਹਾਂ ਨੇ ਫਿਰ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜੀ, ਪਰ ਉਨ੍ਹਾਂ ਨੂੰ ਗਾਇਕ ਅਨਮੋਲ ਗਗਨ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਵੀ ਉਹ ਪਾਰਟੀ ਨਾਲ ਜੁੜੇ ਰਹੇ।
ਗਿੱਲ ਦੇ ਘਰ ਸਵੇਰ ਤੋਂ ਹੀ ਰੇਡ ਚੱਲ ਰਹੀ ਹੈ। ਅਜੇ ਤੱਕ ਇਸ ਰੇਡ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ