ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਵੇਰੇ ਹੋਏ ਗ੍ਰਨੇਡ ਧਮਾਕੇ ਵਿਚ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਇੱਕ ਨੌਜਵਾਨ ਹੈਂਡਗ੍ਰੇਨੇਡ ਲੈ ਕੇ ਜਾ ਰਿਹਾ ਸੀ। ਧਮਾਕੇ 'ਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਦੀ ਹੁਣ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ 9.30 ਵਜੇ ਮਜੀਠਾ ਰੋਡ ਬਾਈਪਾਸ ਨੇੜੇ ਹੋਏ ਇੱਕ ਸ਼ਕਤੀਸ਼ਾਲੀ ਧਮਾਕੇ ਵਿੱਚ ਵਿਅਕਤੀ ਦੇ ਦੋਵੇਂ ਹੱਥ, ਗੁੱਟ ਤੱਕ, ਉੱਡ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਐਸਐਸਪੀ ਨੇ ਅੱਤਵਾਦੀ ਘਟਨਾ ਦਾ ਖਦਸ਼ਾ ਪ੍ਰਗਟਾਇਆ
ਮਾਮਲੇ ਦੀ ਜਾਂਚ ਕਰ ਰਹੇ ਐਸਐਸਪੀ ਮਨਿੰਦਰ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਅੱਤਵਾਦੀ ਘਟਨਾ ਹੋ ਸਕਦੀ ਹੈ। ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ। ਇਹ ਸੰਭਵ ਹੈ ਕਿ ਜਦੋਂ ਧਮਾਕਾ ਹੋਇਆ ਤਾਂ ਇਹ ਵਿਅਕਤੀ ਵੀ ਖੇਪ ਲੈਣ ਆਇਆ ਸੀ। ਪਾਕਿਸਤਾਨੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਸੀਂ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਡੀਆਈਜੀ ਸਤਿੰਦਰ ਸਿੰਘ ਦਾ ਬਿਆਨ
ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਅੱਤਵਾਦੀ ਸੰਗਠਨ ਵੱਲੋਂ ਰੱਖੇ ਹਥਿਆਰਾਂ ਦੀ ਖੇਪ ਲੈਣ ਆਇਆ ਸੀ। ਇਹ ਧਮਾਕਾ ਹਥਿਆਰ ਚੁੱਕਦੇ ਸਮੇਂ ਹੋਇਆ। ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਥੰਮ੍ਹ ਦੀ ਸਥਿਤੀ ਦਾ ਪਤਾ ਲਗਾ ਕੇ ਇੱਥੇ ਹਥਿਆਰਾਂ ਦੀ ਖੇਪ ਲੁਕਾਈ ਹੋਵੇ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਸਦੀ ਜੇਬ ਵਿੱਚੋਂ ਕੁਝ ਸਬੂਤ ਮਿਲੇ ਹਨ ਕਿ ਉਹ ਇੱਕ ਅੱਤਵਾਦੀ ਸੰਗਠਨ ਲਈ ਕੰਮ ਕਰਦਾ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਸ ਅੱਤਵਾਦੀ ਸੰਗਠਨ ਨਾਲ ਸਬੰਧਤ ਸੀ।
ਇਲਾਕੇ ਵਿਚ ਸਹਿਮ ਦਾ ਮਹੌਲ
ਇਹ ਘਟਨਾ ਸਵੇਰੇ 9:00 ਵਜੇ ਤੋਂ 9:15 ਵਜੇ ਦੇ ਵਿਚਕਾਰ ਵਾਪਰੀ, ਜਦੋਂ ਸਥਾਨਕ ਲੋਕਾਂ ਨੇ ਅਚਾਨਕ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇਲਾਕੇ ਵਿਚ ਇਸ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਹੌਲ ਬਣ ਗਿਆ।ਉਠਦਾ ਹੋਇਆ ਧੂੰਆਂ ਵੀ ਦੇਖਿਆ ਗਿਆ। ਮੌਕੇ ਉਤੇ ਮੌਜੂਦ ਲੋਕਾਂ ਅਨੁਸਾਰ ਇੱਕ ਵਿਅਕਤੀ ਜ਼ਮੀਨ 'ਤੇ ਝੁਲਸਦਾ ਦੇਖਿਆ ਗਿਆ ਜਿਸ ਦੇ ਹੱਥਾਂ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਬਾਅਦ ਵਿੱਚ ਪੁਸ਼ਟੀ ਹੋਈ ਕਿ ਉਹ ਵਿਅਕਤੀ ਹੈਂਡਗ੍ਰੇਨ ਲੈ ਕੇ ਜਾ ਰਿਹਾ ਸੀ, ਜੋ ਉਸ ਦੇ ਨੇੜੇ ਫਟ ਗਿਆ। ਹੁਣ ਤਾਜ਼ਾ ਜਾਣਕਾਰੀ ਮਿਲੀ ਹੈ ਕਿ ਉਕਤ ਜ਼ਖਮੀ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ।ਇਸ ਮਾਮਲੇ ਵਿਚ ਪੁਲਸ ਜਾਂਚ ਕਰ ਰਹੀ ਹੈ ਕਿ ਵਿਅਕਤੀ ਗ੍ਰਨੇਡ ਲੈ ਕੇ ਕਿੱਥੇ ਜਾ ਰਿਹਾ ਸੀ ਅਤੇ ਇਸ ਦਾ ਕੀ ਮਕਸਦ ਸੀ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਧਮਾਕਾ ਅਚਾਨਕ ਹੋਇਆ ਹੈ ਜਾਂ ਇਸਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ।
ਇਸ ਧਮਾਕੇ ਤੋੰ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਪੁਲਸ ਦੀ ਅਗਲੇਰੀ ਕਾਰਵਾਈ ਜਾਰੀ ਹੈ।