ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਚਾਰੇ ਹਲਕਿਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਪਾਰਟੀ ਅੱਜ ਬੁੱਧਵਾਰ ਨੂੰ ਆਪਣੀ ਰਣਨੀਤੀ ਬਣਾਏਗੀ। ਇਹ ਮੀਟਿੰਗ ਦੁਪਹਿਰ 2 ਵਜੇ ਨਗਰ ਭਵਨ ਵਿਖੇ ਹੋਵੇਗੀ।
ਚੰਡੀਗੜ੍ਹ 'ਚ ਸੀਐਮ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਵੇਗੀ, ਜਿਸ 'ਚ ਪਾਰਟੀ ਦੇ ਕੌਮੀ ਸਕੱਤਰ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਇਹ ਮੀਟਿੰਗ ਦੁਪਹਿਰ 2 ਵਜੇ ਨਗਰ ਭਵਨ ਵਿਖੇ ਹੋਵੇਗੀ। ਇਸ ਮੀਟਿੰਗ 'ਚ ਚੋਣ ਰਣਨੀਤੀ ਬਣਾਉਣ ਤੋਂ ਲੈ ਕੇ ਵੱਖ-ਵੱਖ ਸਥਿਤੀਆਂ 'ਤੇ ਆਗੂਆਂ ਤੋਂ ਫੀਡਬੈਕ ਲਈ ਜਾਵੇਗੀ।
ਆਪ' ਉਮੀਦਵਾਰਾਂ ਦੇ ਨਾਮ ਕਰ ਚੁੱਕੀ ਹੈ ਐਲਾਨ
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 4 ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਚੱਬੇਵਾਲ ਤੋਂ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਨ ਚੱਬੇਵਾਲ, ਗਿੱਦੜਬਾਹਾ ਤੋਂ ਹਰਦੀਪ ਸਿੰਘ ਢਿੱਲੋਂ ਅਤੇ ਬਰਨਾਲਾ ਤੋਂ ਹਰਿੰਦਰ ਸਿੰਘ ਰੰਧਾਵਾ ਦੇ ਨਾਵਾਂ ਦਾ ਐਲਾਨ ਕੀਤਾ ਹੈ।
13 ਨੂੰ ਪੈਣਗੀਆਂ ਵੋਟਾਂ , 23 ਨੂੰ ਆਉਣਗੇ ਨਤੀਜੇ
ਚੋਣ ਕਮਿਸ਼ਨ ਨੇ ਵੀ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ 4 ਸੀਟਾਂ 'ਤੇ 13 ਨਵੰਬਰ ਨੂੰ ਵੋਟਾਂ ਪੈਣਗੀਆਂ। ਜਿਸ ਤੋਂ ਬਾਅਦ 23 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ|
ਲੋਕ ਸਭਾ ਚੋਣਾਂ ਕਾਰਨ ਇਹ ਸੀਟਾਂ ਹੋਈਆਂ ਖਾਲੀ
2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਖਾਲੀ ਹੋਈਆਂ ਸਨ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸੀਟ ਖਾਲੀ ਹੋ ਚੁੱਕੀ ਹੈ।
ਜਦਕਿ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਤੋਂ ਡਾ: ਰਾਜ ਕੁਮਾਰ ਚੱਬੇਵਾਲ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਹੈ। ਗਿੱਦੜਬਾਹਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਸੀਟ ਤੋਂ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਲੋਕ ਸਭਾ ਚੋਣਾਂ ਜਿੱਤ ਗਏ ਹਨ। ਇਨ੍ਹਾਂ ਚਾਰਾਂ ਸੀਟਾਂ 'ਤੇ ਚੋਣਾਂ ਹੋਣੀਆਂ ਹਨ।