ਜਲੰਧਰ ਵਿੱਚ ਪਾਵਰਕੌਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਲੱਕੀ ਵਜੋਂ ਹੋਈ ਹੈ, ਜੋ ਹਰਦਿਆਲ ਨਗਰ, ਸੰਤੋਖਪੁਰਾ ਦਾ ਰਹਿਣ ਵਾਲਾ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪਾਵਰਕੌਮ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਲੱਕੀ ਮੋਬਾਈਲ 'ਤੇ ਗੱਲ ਕਰ ਰਿਹਾ ਸੀ
ਦੱਸਿਆ ਜਾ ਰਿਹਾ ਹੈ ਕਿ ਲੱਕੀ ਮੋਬਾਈਲ 'ਤੇ ਗੱਲ ਕਰਦੇ ਹੋਏ ਲੰਮਾ ਪਿੰਡ ਚੌਕ ਨੇੜੇ ਜਾ ਰਿਹਾ ਸੀ। ਉਦੋਂ ਅਚਾਨਕ ਉਸ ਦਾ ਪੈਰ ਜ਼ਮੀਨ 'ਤੇ ਡਿੱਗੀ ਬਿਜਲੀ ਦੀ ਨੰਗੀ ਤਾਰ 'ਤੇ ਆ ਗਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਲੋਕਾਂ ਨੇ ਪਾਵਰਕੌਮ ਖ਼ਿਲਾਫ਼ ਆਪਣਾ ਗੁੱਸਾ ਕੱਢਿਆ।
ਘਟਨਾ ਤੋਂ ਬਾਅਦ ਗੁੱਸੇ 'ਚ ਆਏ ਲੋਕ
ਘਟਨਾ ਤੋਂ ਬਾਅਦ ਇੱਕ ਵਿਅਕਤੀ ਨੇ ਮੌਕੇ ਦੀ ਵੀਡੀਓ ਬਣਾ ਕੇ ਪਾਵਰਕੌਮ ਦੀ ਲਾਪ੍ਰਵਾਹੀ ਦਿਖਾਈ। ਉਕਤ ਵਿਅਕਤੀ ਨੇ ਪਾਵਰਕੌਮ ਖਿਲਾਫ ਗੁੱਸੇ ਵਿਚ ਕਿਹਾ ਕਿ ਉਹ ਇੰਨੀਆਂ ਤਨਖਾਹਾਂ ਲੈਂਦੇ ਹਨ ਪਰ ਇੰਨੀ ਲਾਪਰਵਾਹੀ ਕਿਉਂ, ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਹ ਲੋਕ ਵੱਡੇ-ਵੱਡੇ ਬਿੱਲ ਭੇਜਦੇ ਹਨ ਪਰ ਇਹ ਨਹੀਂ ਜਾਣਦੇ ਕਿ ਲੋਕਾਂ ਦੀ ਸੁਰੱਖਿਆ ਕਿਵੇਂ ਕਰਨੀ ਹੈ।