ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਨੂੰ ਲੈਂਡਿੰਗ ਦੌਰਾਨ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 181 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 175 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ। ਦੱਖਣੀ ਕੋਰੀਆ ਦੇ ਫਾਇਰ ਵਿਭਾਗ ਮੁਤਾਬਕ ਇਸ ਹਾਦਸੇ 'ਚ ਹੁਣ ਤੱਕ 92 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਜਹਾਜ਼ ਅੱਗ ਦੇ ਗੋਲੇ ਵਿੱਚ ਬਦਲਿਆ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਥਾਈਲੈਂਡ ਤੋਂ ਜੇਜੂ ਏਅਰ ਦਾ ਜਹਾਜ਼ ਹਵਾਈ ਅੱਡੇ 'ਤੇ ਉਤਰ ਰਿਹਾ ਸੀ। ਹਾਦਸੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਜਹਾਜ਼ ਰਨਵੇ 'ਤੇ ਲੈਂਡ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਕਾਫੀ ਦੂਰ ਤੱਕ ਖਿਸਕਦਾ ਰਿਹਾ ਅਤੇ ਅੱਗੇ ਜਾ ਕੇ ਕੰਧ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਜਹਾਜ਼ 'ਚ ਜ਼ਬਰਦਸਤ ਧਮਾਕਾ ਹੋਇਆ ਅਤੇ ਜਹਾਜ਼ ਅੱਗ ਦੇ ਗੋਲੇ 'ਚ ਬਦਲ ਗਿਆ।
ਸਥਾਨਕ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ
ਹਾਦਸਾ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ 9:07 ਵਜੇ) ਵਾਪਰਿਆ। ਰਿਪੋਰਟਾਂ ਮੁਤਾਬਕ ਹਵਾਈ ਅੱਡੇ 'ਤੇ ਸਾਰੀਆਂ ਸਥਾਨਕ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
25 ਦਸੰਬਰ ਨੂੰ ਕਜ਼ਾਕਿਸਤਾਨ 'ਚ ਹੋਇਆ ਸੀ ਜਹਾਜ਼ ਕ੍ਰੈਸ਼
ਇਸ ਤੋਂ ਪਹਿਲਾਂ 25 ਦਸੰਬਰ ਨੂੰ ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਕਜ਼ਾਖਸਤਾਨ ਦੇ ਅਕਤਊ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਅਜ਼ਰਬਾਈਜਾਨ ਏਅਰਲਾਈਨਜ਼ ਮੁਤਾਬਕ ਜਹਾਜ਼ 'ਚ 62 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ ਸਿਰਫ਼ 28 ਲੋਕਾਂ ਨੂੰ ਹੀ ਜ਼ਿੰਦਾ ਬਚਾਇਆ ਜਾ ਸਕਿਆ।