ਹੁਸ਼ਿਆਰਪੁਰ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 16 ਸਾਲਾਂ ਬੱਚੇ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਗੜ੍ਹਸ਼ੰਕਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਅੱਜ ਸਵੇਰੇ ਵਾਪਰਿਆ।
ਪਛਾਣ
ਮ੍ਰਿਤਕ ਦਾ ਨਾਂ ਅੰਕਿਤ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 16 ਸਾਲ ਸੀ ਜੋ ਕਿ ਡਾ. ਅੰਬੇਡਕਰ ਨਗਰ ਗੜ੍ਹਸ਼ੰਕਰ ਦਾ ਰਹਿਣ ਵਾਲਾ ਸੀ। ਅੰਕਿਤ ਕੁਮਾਰ ਪੁੱਤਰ ਸੁਰੇਸ਼ ਕੁਮਾਰ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਚੱਲ ਰਹੇ ਫੁੱਟਬਾਲ ਦੇ ਸਿਖਲਾਈ ਕੈਂਪ ਵਿਚ ਜਾ ਰਿਹਾ ਸੀ ਕਿ ਪਿੱਛੋਂ ਸ੍ਰੀ ਅਨੰਦਪੁਰ ਸਾਹਿਬ ਰੋਡ ਤੋਂ ਆਏ ਟਿੱਪਰ ਨੇ ਅੰਕਿਤ ਕੁਮਾਰ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਣ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅੰਕਿਤ ਕੁਮਾਰ ਦਸਵੀਂ ਦਾ ਸੀ ਵਿਦਿਆਰਥੀ
ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਅੰਕਿਤ ਕੁਮਾਰ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਜਿਸ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਦੇ ਸਰੀਰ ਦੇ ਕਈ ਹਿੱਸੇ ਹੋ ਗਏ ਤੇ ਉਸ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੌਕੇ ਉਤੇ ਪੁੱਜੀ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਬੀਤੇ ਦਿਨੀਂ ਜਲੰਧਰ ਵਿਚ ਟਿੱਪਰ ਹੇਠ ਆਉਣ ਕਾਰਣ ਪਿਉ-ਪੁੱਤ ਦੀ ਹੋਈ ਸੀ ਮੌਤ
ਇਸੇ ਤਰ੍ਹਾਂ ਦਾ ਭਿਆਨਕ ਹਾਦਸਾ ਬੀਤੇ ਦਿਨੀਂ ਜਲੰਧਰ ਦੇ ਨਕੋਦਰ ਚੌਕ ਨੇੜੇ ਵਾਪਰਿਆ ਸੀ, ਹਾਦਸੇ ਵਿੱਚ ਟਿੱਪਰ ਦੀ ਲਪੇਟ ਵਿੱਚ ਆਉਣ ਨਾਲ ਪਿਉ-ਪੁੱਤ ਦੀ ਮੌਤ ਹੋ ਗਈ ਸੀ। ਜਿਨ੍ਹਾਂ ਦੇ ਘਰ ਵਿਚ ਵਿਆਹ ਰੱਖਿਆ ਹੋਇਆ ਸੀ ਤੇ ਉਹ ਸਬਜ਼ੀ ਲੈਣ ਲਈ ਮੰਡੀ ਜਾ ਰਹੇ ਸਨ ਪਰ ਦੋਆਬਾ ਸਕੂਲ ਨੇੜੇ ਕੂੜੇ ਦੇ ਢੇਰ ਕੋਲ ਇੱਕ ਟਿੱਪਰ ਨੇ ਦੋਵਾਂ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।