ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ- ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੇਖਿਆ ਜਾ ਸਕਦਾ ਕਿ ਵਿਧਾਇਕ ਅਮੋਲਕ ਸਿੰਘ ਚੰਡੀਗੜ੍ਹ ਟਰੈਫਿਕ ਪੁਲਸ ਦੇ ਕਾਂਸਟੇਬਲ ਨੂੰ ਧਮਕਾਉਂਦੇ ਤੇ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਅਮੋਲਕ ਸਿੰਘ ਫਰੀਦਕੋਟ ਜ਼ਿਲ੍ਹੇ ਦੀ ਜੈਤੋ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਵੀਡੀਓ 'ਚ ਉਹ ਚੰਡੀਗੜ੍ਹ ਟਰੈਫਿਕ ਪੁਲਸ ਮੁਲਾਜ਼ਮ ਨੂੰ ਗਾਲ੍ਹਾਂ ਵੀ ਕੱਢ ਰਿਹਾ ਹੈ।
ਕਾਂਗਰਸ ਅਤੇ ਅਕਾਲੀ ਦਲ ਨੇ ਸਾਧਿਆ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ
ਦੱਸ ਦੇਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਤੋਂ ਵਿਧਾਇਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਵਿਧਾਇਕ ਨੇ ਮੁਲਾਜ਼ਮ ਦਾ ਸੁੱਟਿਆ ਫੋਨ
ਜਾਣਕਾਰੀ ਅਨੁਸਾਰ ਵਾਇਰਲ ਹੋ ਰਹੀ ਵੀਡੀਓ ਚੰਡੀਗੜ੍ਹ ਦੇ ਸੈਕਟਰ 17 ਅਤੇ ਸੈਕਟਰ 35 ਦੀ ਡਿਵਾਈਡਿੰਗ ਰੋਡ ਦੀ ਹੈ। ਇਸ 'ਚ 'ਆਪ' ਵਿਧਾਇਕ ਅਮੋਲਕ ਸਿੰਘ ਆਪਣੀ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ। ਵੀਡੀਓ ਦੀ ਸ਼ੁਰੂਆਤ 'ਚ ਪੁਲਸ ਵਾਲਾ ਕਹਿੰਦਾ ਹੈ ਕਿ ਤੁਸੀਂ ਵਿਧਾਇਕ ਬਣੋਗੇ ਪਰ ਅਸੀਂ ਡਿਊਟੀ 'ਤੇ ਹਾਂ। ਪੁਲਿਸ ਵਾਲਾ ਪੁੱਛਦਾ ਹੈ ਕਿ ਉਸ ਨੇ ਕੀ ਗਲਤ ਕਿਹਾ ਜਾਂ ਕਿਹੜੀ ਗਾਲ੍ਹਾਂ ਕੱਢੀਆਂ? ਇਸ 'ਤੇ ਕਾਰ 'ਚ ਬੈਠੇ ਵਿਧਾਇਕ ਨੇ ਸ਼ਿਸ਼ਟਾਚਾਰ ਨਾਲ ਗੱਲ ਨਾ ਕਰਨ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਵਧ ਗਿਆ ਅਤੇ ਵਿਧਾਇਕ ਅਮੋਲਕ ਸਿੰਘ ਨੇ ਪੁਲਸ ਮੁਲਾਜ਼ਮ ਦਾ ਮੋਬਾਈਲ ਫੋਨ ਸੁੱਟ ਦਿੱਤਾ।
ਵਿਧਾਇਕ ਅਮੋਲਕ ਨੇ ਕੀ ਕਿਹਾ?
ਇਸ ਸਬੰਧੀ ‘ਆਪ’ ਵਿਧਾਇਕ ਅਮੋਲਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਸੈਕਟਰ 17/35 ਦੇ ਵਿਚਕਾਰ ਵਾਲੀ ਸੜਕ ਦੀ ਹੈ। ਉਹ ਆਪਣੀ ਕਾਰ ਵਿਚ ਜਾ ਰਿਹਾ ਸੀ ਤਾਂ ਰਸਤੇ 'ਚ ਚੰਡੀਗੜ੍ਹ ਟਰੈਫਿਕ ਪੁਲਸ ਨੇ ਉਨਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਹ ਰੁਕ ਗਏ। ਜਦੋਂ ਉਨਾਂ ਦੇ ਗੰਨਮੈਨ ਨੇ ਹੇਠਾਂ ਉਤਰ ਕੇ ਨਾਕੇ 'ਤੇ ਖੜ੍ਹੇ ਪੁਲਸ ਕਰਮਚਾਰੀਆਂ ਨੂੰ ਆਪਣੀ ਪਛਾਣ ਦੱਸੀ ਅਤੇ ਕਿਹਾ ਕਿ ਕਾਰ 'ਚ ਵਿਧਾਇਕ ਹਨ ਤਾਂ ਨਾਕੇ 'ਤੇ ਖੜ੍ਹੇ ਚੰਡੀਗੜ੍ਹ ਟਰੈਫਿਕ ਪੁਲਸ ਦੇ ਕਾਂਸਟੇਬਲ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਫਿਰ ਕੀ ਹੋਇਆ, ਇਸ ਤਰਾਂ ਦੇ ਇੱਥੇ ਕਈ ਤੁਰੇ ਫਿਰਦੇ ਹਨ।