ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਸ਼ੀਤਲ ਅੰਗੁਰਾਲ ਨੂੰ ਅਦਾਲਤ ਨੇ ਗੈਂਬਲਿੰਗ ਐਕਟ 'ਚੋਂ ਬਰੀ ਕਰ ਦਿੱਤਾ ਹੈ। ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ 'ਤੇ ਭਰੋਸਾ ਸੀ ਅਤੇ ਨਿਆਂ ਜ਼ਰੂਰ ਮਿਲੇਗਾ ਅਤੇ ਅੱਜ ਇਨਸਾਫ਼ ਮਿਲਿਆ ਹੈ।
ਮਾਮਲਾ 3 ਸਾਲ ਪੁਰਾਣਾ
ਸਾਲ 2020 ਵਿੱਚ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਸ਼ੀਤਲ ਅੰਗੁਰਾਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸਮੇਂ ਕਾਂਗਰਸ ਨੇ ਝੂਠਾ ਕੇਸ ਦਰਜ ਕੀਤਾ ਸੀ। ਇਹ ਗ੍ਰਿਫਤਾਰੀ ਵੀ ਸਿਆਸੀ ਦਬਾਅ ਕਾਰਨ ਹੋਈ ਸੀ ਪਰ ਅੱਜ ਅਦਾਲਤ ਨੇ ਮੈਨੂੰ ਬੇਕਸੂਰ ਸਾਬਤ ਕਰ ਦਿੱਤਾ ਹੈ।
ਪੁਲਸ ਨੇ ਰੇਡ ਕਰ ਕੇ ਕੀਤਾ ਸੀ ਗ੍ਰਿਫ਼ਤਾਰ
ਛਾਪੇਮਾਰੀ ਦੌਰਾਨ ਭਾਰਗੋ ਕੈਂਪ ਪੁਲਸ ਨੇ ਮੌਕੇ ਤੋਂ ਮੁਹੱਲਾ ਕੋਟ ਸਦਿਕ ਦੇ ਰਹਿਣ ਵਾਲੇ ਸ਼ੀਤਲ ਅੰਗੁਰਾਲ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਇਸ ਦੌਰਾਨ 2 ਲੱਖ ਰੁਪਏ ਤੋਂ ਵੱਧ ਦੀ ਨਕਦੀ ਵੀ ਬਰਾਮਦ ਕੀਤੀ ਸੀ। ਪੁਲਸ ਨੇ ਇਸ ਮਾਮਲੇ ਵਿੱਚ 13 ਲੋਕਾਂ ਨੂੰ ਦੋਸ਼ੀ ਬਣਾਇਆ ਸੀ।
ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸੀ ਕੇਸ
ਮਾਮਲੇ ਵਿੱਚ ਪੁਲਸ ਨੇ ਸ਼ੀਤਲ ਅੰਗੁਰਾਲ ਸਮੇਤ ਨਿਊ ਮਾਡਲ ਹਾਊਸ ਦੇ ਬਲਦੇਵ ਰਾਜ, ਈਸ਼ਵਰ ਨਗਰ ਦੇ ਵਿਵੇਕ ਮਹਾਜਨ ਅਤੇ ਕਪਿਲ ਕੁਮਾਰ ਮੌਂਟੀ, ਲਾਜਪਤ ਨਗਰ ਵਿੱਚ ਗੰਗਾ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ’ਤੇ ਰਹਿਣ ਵਾਲੇ ਅਤੁਲ, ਜੀਟੀਬੀ ਐਵੀਨਿਊ ਦੇ ਦੀਪਕ ਦੀਪਾ, ਰਾਜਾ ਗਾਰਡਨ ਕਲੋਨੀ ਦਾ ਸੁਖਪ੍ਰੀਤ ਸਿੰਘ, ਰਾਮੇਸ਼ਵਰ ਕਲੋਨੀ ਦੇ ਨਵੀਨ ਮਹਾਜਨ, ਵਿਰਦੀ ਕਲੋਨੀ ਦੇ ਅਜੈ ਵਰਮਾ ਅਤੇ ਬੀਟੀ ਕਲੋਨੀ ਦੇ ਕੀਰਤੀ ਗੋਸਵਾਮੀ ਨੂੰ ਮੁਲਜ਼ਮ ਬਣਾਇਆ ਗਿਆ ਸੀ।