ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹਪੋਵਾਲ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਇਹ ਜਾਣਕਾਰੀ ਸਾਂਝਾ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ਗੈਂਗਸਟਰ ਜੱਸਾ ਹਪੋਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਲਿਖਿਆ ਕਿ ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹਪੋਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਜੋ ਵਿਦੇਸ਼ ਬੈਠੇ ਸੋਨੂੰ ਖੱਤਰੀ ਗੈਂਗ ਦਾ ਮੈਂਬਰ ਹੈ।
6 ਕਤਲਾਂ ਦੇ ਮਾਮਲੇ 'ਚ ਸੀ ਵਾੰਟੇਡ
ਗੈਂਗਸਟਰ ਜੱਚਾ ਹਪੋਵਾਲ ਕਤਲ ਦੇ ਛੇ ਮਾਮਲਿਆਂ ਵਿੱਚ ਵਾੰਟੇਡ ਸੀ। ਜਲੰਧਰ ਦੇ ਪਿੰਡ ਪਤਾਰਾ ਭੋਜੋਵਾਲ 'ਚ ਮਾਂ-ਧੀ ਦਾ ਕਤਲ ਕਰਨ ਤੋਂ ਬਾਅਦ ਉਹ ਫਰਾਰ ਸੀ। ਪਰ ਪੁਲਿਸ ਨੇ ਅੱਜ ਉਸ ਨੂੰ ਫੜ ਲਿਆ ਹੈ। ਪੁਲਿਸ ਨੇ ਉਸ ਕੋਲੋਂ ਦੋ ਪਿਸਤੌਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
17 ਅਕਤੂਬਰ ਨੂੰ ਮਾਂ-ਧੀ ਦਾ ਕੀਤਾ ਕਤਲ
ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਜਲੰਧਰ ਪਤਾਰਾ ਭੋਜੋਵਾਲ 'ਚ ਮਾਂ-ਧੀ ਦਾ ਦੋਹਰਾ ਕਤਲ ਹੋਇਆ ਸੀ। ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੰਨਾ ਹੀ ਨਹੀਂ ਕਤਲ ਕਰਨ ਤੋਂ ਬਾਅਦ ਮਾਂ-ਧੀ ਦੀਆਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ।